ਜਨਰੇਸ਼ਨ ਕੱਪ ਸ਼ਤਰੰਜ : ਐਰਗਾਸੀ ਸੈਮੀਫਾਈਨਲ ’ਚ ਪੁੱਜਾ

ਭਾਰਤੀ ਗ੍ਰੈਂਡਮਾਸਟਰ ਅਰਜੁਨ ਐਰਗਾਸੀ ਨੇ ਇਕ ਹੋਰ ਖਿਡਾਰੀ ਕ੍ਰਿਸਟੋਫਰ ਯੂ. ਨੂੰ ਟਾਈਬ੍ਰੇਕ ਵਿਚ ਹਰਾ ਕੇ ਸ਼ੁੱਕਰਵਾਰ ਨੂੰ ਇੱਥੇ ਜੂਲੀਅਸ ਬੇਅਰ ਜੇਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤ ਦਾ ਹੀ ਇਕ ਹੋਰ ਖਿਡਾਰੀ ਆਰ. ਪ੍ਰਗਿਆਨੰਦਾ ਹਾਲਾਂਕਿ ਜਰਮਨੀ ਦੇ ਵਿੰਸੇਂਟ ਕੀਮਰ ਹੱਥੋਂ 1-3 ਨਾਲ ਹਾਰ ਕੇ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕਿਆ।

ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਲੇਵੋਨ ਅਰੋਨੀਅਨ ਨੂੰ ਹਰਾਉਣ ਵਾਲਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸੈਮੀਫਾਈਨਲ ਵਿਚ ਕੀਮਰ ਦਾ ਸਾਹਮਣਾ ਕਰੇਗਾ ਜਦਕਿ ਦੂਜਾ ਸੈਮੀਫਾਈਨਲ ਵੀਅਤਨਾਮ ਦੇ ਲੀਮ ਕਾਂਗ ਲੇ ਤੇ ਐਰਗਾਸੀ ਵਿਚਾਲੇ ਖੇਡਿਆ ਜਾਵੇਗਾ। 

19 ਸਾਲਾ ਐਰਗਾਸੀ ਤੇ 15 ਸਾਲਾ ਯੂ. ਚਾਰ ਵਾਰ ਰੈਪਿਡ ਬਾਜ਼ੀਆਂ ਡਰਾਅ ਕਰਨ ਤੋਂ ਬਾਅਦ  2-2 ਨਾਲ ਬਰਾਬਰੀ ’ਤੇ ਸਨ। ਇਸ ਤੋਂ ਬਾਅਦ ਬਲਿਟਜ਼ ਟਾਈਬ੍ਰੇਕਰ ਦਾ ਸਹਾਰਾ ਲਿਆ ਗਿਆ, ਜਿਸ ਵਿਚ ਐਰਗਾਸੀ ਨੇ ਪਹਿਲੀ ਬਾਜ਼ੀ ਜਿੱਤੀ ਤੇ ਫਿਰ ਦੂਜੀ ਬਾਜ਼ੀ ਡਰਾਅ ਖੇਡ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

ਪ੍ਰਗਿਆਨੰਦਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਹ ਪਹਿਲੀ ਬਾਜ਼ੀ ਹਾਰ ਗਿਆ। ਇਸ ਤੋਂ ਬਾਅਦ ਅਗਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ । ਅਜਿਹੇ ਵਿਚ ਭਾਰਤੀ ਖਿਡਾਰੀ ਨੂੰ ਚੌਥੀ ਬਾਜ਼ੀ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਸੀ ਪਰ ਉਹ ਉਸ ਤੋਂ ਹਾਰ ਗਿਆ ਤੇ ਇਸ ਤਰ੍ਹਾਂ ਨਾਲ ਕੁਆਰਟਰ ਫਾਈਨਲ ਤੋਂ ਹੀ ਬਾਹਰ ਹੋ ਗਿਆ। 

Add a Comment

Your email address will not be published. Required fields are marked *