ਨਹੀਂ ਰਹੇ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਤਲਤ ਹੁਸੈਨ

ਕਰਾਚੀ – ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਤਲਤ ਹੁਸੈਨ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਰੇਡੀਓ, ਟੀ. ਵੀ., ਥੀਏਟਰ ਅਤੇ ਸਿਨੇਮਾ ਦੇ ਇਕ ਅਨੁਭਵੀ ਹੁਸੈਨ ਨੂੰ ‘ਬੰਦਿਸ਼’, ‘ਕਾਰਵਾਂ’, ‘ਹਵਾਏਂ’ ਅਤੇ ‘ਪਰਛਾਈਆ’ ਵਰਗੇ ਸੀਰੀਅਲਾਂ ਦੇ ਨਾਲ-ਨਾਲ ਕਈ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਪਛਾਣਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤੀ ਫਿਲਮ ‘ਸੌਤਨ ਕੀ ਬੇਟੀ’ ਵਿਚ ਵੀ ਕੰਮ ਕੀਤਾ ਸੀ। ਪਾਕਿਸਤਾਨ ਆਰਟਸ ਕੌਂਸਲ ਕਰਾਚੀ ਦੇ ਚੇਅਰਮੈਨ ਅਹਿਮਦ ਸ਼ਾਹ ਨੇ ਹੁਸੈਨ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਦਾਕਾਰ ਦਾ ਲੰਬੇ ਸਮੇਂ ਤੋਂ ਕਰਾਚੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦਿੱਲੀ ਵਿਚ ਜਨਮੇ ਹੁਸੈਨ ਆਪਣੀ ਵਿਲੱਖਣ ਅਦਾਕਾਰੀ ਸ਼ੈਲੀ ਲਈ ਮਸ਼ਹੂਰ ਸਨ, ਜਿਸ ਲਈ ਉਨ੍ਹਾਂ ਨੂੰ 1982 ਵਿਚ ਪਾਕਿਸਤਾਨ ਦਾ ਸਰਵਉੱਚ ਸਾਹਿਤਕ ਪੁਰਸਕਾਰ ‘ਪ੍ਰਾਈਡ ਆਫ਼ ਪਰਫਾਰਮੈਂਸ’ ਮਿਲਿਆ। ਉਨ੍ਹਾਂ ਨੂੰ 2021 ਵਿਚ ‘ਸਿਤਾਰਾ-ਏ-ਇਮਤਿਆਜ਼’ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਮੇਤ ਕਈ ਹੋਰ ਸ਼ਖਸੀਅਤਾਂ ਨੇ ਹੁਸੈਨ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

Add a Comment

Your email address will not be published. Required fields are marked *