ਪਾਪੂਆ ਨਿਊ ਗਿਨੀ ‘ਚ ਖਿਸਕੀ ਜ਼ਮੀਨ, 100 ਤੋਂ ਵੱਧ ਲੋਕਾਂ ਦੀ ਮੌਤ
ਮੈਲਬੌਰਨ : ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏ.ਬੀ.ਸੀ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੂਰ-ਦੁਰਾਡੇ ਸਥਿਤ ਪਾਪੂਆ ਨਿਊ ਗਿਨੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਘਟਨਾ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ। ਏ.ਬੀ.ਸੀ ਨੇ ਰਿਪੋਰਟ ਦਿੱਤੀ ਕਿ ਜ਼ਮੀਨ ਖਿਸਕਣ ਦੀ ਰਿਪੋਰਟ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਦੀ ਰਾਜਧਾਨੀ, ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ ਉੱਤਰ-ਪੱਛਮ ਵਿੱਚ ਐਂਗਾ ਸੂਬੇ ਦੇ ਕਾਓਕਲਾਮ ਪਿੰਡ ਵਿੱਚ ਵਾਪਰੀ ਹੈ।
ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 3 ਵਜੇ ਦੇ ਕਰੀਬ ਵਾਪਰਿਆ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ 100 ਤੋਂ ਵੱਧ ਹੋ ਸਕਦੀ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਸਥਾਨਕ ਲੋਕਾਂ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ। ਪਾਪੂਆ ਨਿਊ ਗਿਨੀ ਇੱਕ ਵਿਭਿੰਨ ਵਿਕਾਸਸ਼ੀਲ ਦੇਸ਼ ਹੈ, ਜਿੱਥੇ 800 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੋਂ ਦੇ ਜ਼ਿਆਦਾਤਰ ਲੋਕ ਖੇਤੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਪਾਪੂਆ ਨਿਊ ਗਿਨੀ ਦੀ ਆਬਾਦੀ 1 ਕਰੋੜ ਹੈ। ਇਹ ਆਸਟ੍ਰੇਲੀਆ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਦੱਖਣੀ ਪ੍ਰਸ਼ਾਂਤ ਦੇਸ਼ ਹੈ। ਆਸਟ੍ਰੇਲੀਆ ਦੀ ਆਬਾਦੀ 2 ਕਰੋੜ 70 ਲੱਖ ਹੈ।