ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ‘ਚ ਲੱਗੇ ਜ਼ੋਰਦਾਰ ਝਟਕੇ

ਹਾਲ ਹੀ ‘ਚ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ‘ਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਫਲਾਈਟ ਦੇ ਅੰਦਰ ਦੀਆਂ ਖੌਫਨਾਕ ਵੀਡੀਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਫਲਾਈਟ ਦੇ ਅੰਦਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 21 ਮਈ ਨੂੰ ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਤੇ ਆਏ ਭਿਆਨਕ ਭੂਚਾਲ ਕਾਰਨ 30 ਲੋਕ ਜ਼ਖ਼ਮੀ ਹੋ ਗਏ, ਜਦਿਕ ਇਕ ਦੀ ਮੌਤ ਹੋ ਗਈ। ਜਹਾਜ਼ ਵਿੱਚ 3 ਭਾਰਤੀ ਵੀ ਸਵਾਰ ਸਨ।

ਦੱਸ ਦੇਈਏ ਕਿ ਜਹਾਜ਼ ਵਿਚ ਮੌਜੂਦ 28 ਸਾਲਾ ਵਿਦਿਆਰਥੀ ਜ਼ਫਰਾਨ ਅਜਮੀਰ ਨੇ ਘਟਨਾ ਦੀ ਸਥਿਤੀ ਅਤੇ ਸੀਨ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਅਜ਼ਮੀਰ ਨੇ ਕਿਹਾ, ‘ਅਚਾਨਕ ਜਹਾਜ਼ ਉੱਪਰ ਵੱਲ ਨੂੰ ਝੁੱਕ ਗਿਆ ਅਤੇ ਜ਼ੋਰ ਨਾਲ ਹਿੱਲਣ ਲੱਗਾ। ਫਿਰ ਅਚਾਨਕ ਉਹ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗਾ। ਇਸ ਉਡਾਣ ਦੌਰਾਨ ਬਿਨਾਂ ਸੀਟ ਬੈਲਟ ਲੱਗਾ ਕੇ ਬੈਠੇ ਸਾਰੇ ਲੋਕਾਂ ਦੇ ਸਿਰ ਇੱਕ ਝਟਕੇ ਨਾਲ ਛੱਤ ਨਾਲ ਟਕਰਾ ਗਏ। ਉਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਦਾ ਸਿਰ ਓਵਰਹੈੱਡ ਸਮਾਨ ਦੇ ਕੈਬਿਨ ‘ਤੇ ਇੰਨਾ ਜ਼ੋਰ ਨਾਲ ਟਕਰਾ ਗਿਆ ਕਿ ਡੈਂਟ ਪੈ ਗਏ।

ਇਸ ਹਾਦਸੇ ਦੌਰਾਨ ਜਹਾਜ਼ ‘ਚ ਮੌਜੂਦ ਆਕਸੀਜਨ ਮਾਸਕ ਅਤੇ ਲਾਈਟਾਂ ਟੁੱਟ ਗਈਆਂ। ਯਾਤਰੀਆਂ ਦੇ ਕੰਨਾਂ ਅਤੇ ਸਿਰਾਂ ਵਿੱਚੋਂ ਖੂਨ ਨਿਕਲਣ ਲੱਗਾ। ਇਕ ਹੋਰ ਯਾਤਰੀ ਐਂਡਰਿਊ ਡੇਵਿਸ ਨੇ X ‘ਤੇ ਆਪਣੇ ਅਨੁਭਵ ਬਾਰੇ ਲਿਖਿਆ, ‘ਮੈਂ ਉਸ ਫਲਾਈਟ ‘ਤੇ ਸੀ ਅਤੇ ਜਿੰਨੀ ਮੈਂ ਕਰ ਸਕਦਾ ਸੀ, ਸਭ ਦੀ ਮਦਦ ਕੀਤੀ। ਇਸ ਹਾਦਸੇ ਵਿਚ ਜਿਹੜੇ ਲੋਕ ਜ਼ਖ਼ਮੀ ਨਹੀਂ ਹੋਏ (ਮੇਰੇ ਸਮੇਤ) ਉਹ ਬੈਂਕਾਕ ਹਵਾਈ ਅੱਡੇ ਦੇ ਹੋਲਡਿੰਗ ਖੇਤਰ ਵਿਚ ਸਨ। ਮੇਰਾ ਦਿਲ ਉਸ ਮਰਨ ਵਾਲੇ ਆਦਮੀ ਲਈ ਬਹੁਤ ਦੁੱਖੀ ਹੋਇਆ ਅਤੇ ਮੈਨੂੰ ਉਸਦੀ ਪਤਨੀ ਲਈ ਬਹੁਤ ਬੁਰਾ ਲੱਗ ਰਿਹਾ ਹੈ।

ਇਸ ਉਡਾਣ ਹਾਦਸੇ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ ਮੰਗਲਵਾਰ ਨੂੰ ਲੰਡਨ ਤੋਂ ਆ ਰਹੀ ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ਦੀ ਗੰਭੀਰ ਗੜਬੜ ਕਾਰਨ ਬੈਂਕਾਕ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਘਟਨਾ ‘ਚ 30 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ‘ਚੋਂ ਘੱਟੋ-ਘੱਟ 18 ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਏਅਰਲਾਈਨ ਕੰਪਨੀ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਉਡਾਣ ਦੇ 10 ਘੰਟੇ ਬਾਅਦ 37,000 ਫੁੱਟ ਦੀ ਉਚਾਈ ‘ਤੇ ਸੀ, ਜਦੋਂ ਇੱਕ ਖ਼ਤਰਨਾਕ ਗੜਬੜ ਹੋ ਗਈ ਅਤੇ ਜਹਾਜ਼ ਤਿੰਨ ਮਿੰਟਾਂ ਵਿੱਚ 6,000 ਫੁੱਟ ਹੇਠਾਂ ਆ ਗਿਆ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।

Add a Comment

Your email address will not be published. Required fields are marked *