ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ

 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਪੁੱਤ ਮੂਸੇਵਾਲਾ ਦੀ ਬਰਸੀ ਬਾਰੇ ਜਾਣਕਾਰੀ ਦਿੱਤੀ ਹੈ। ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ 11-6-1993 ਤੋਂ 29-5-2022, ਦੂਸਰੀ ਬਰਸੀ। ਵਾਹਿਗੁਰੂ ਦੇ ਘਰੋਂ ਇਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆਂ ਵੀਰੇ ਦੀ ਯਾਦ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024। ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ। ਆਪ ਜੀ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।

ਇਸ ਤੋਂ ਪਹਿਲਾਂ ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ, ”ਇਸ ਮਹੀਨੇ ਦਾ ਇਕ-ਇਕ ਦਿਨ ਮੈਨੂੰ ਵਰਿਆ ਵਰਗਾ ਲੱਗਦਾ ਹੈ, ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ, ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫਿਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਕੇ ਮੈਂ ਆਪਣਾ ਮਨ ਸਮਝਾਉਂਦੀ ਆ, ਤੁਹਾਡੇ ਬਚਪਨ ਨੂੰ ਦਹਰਾਉਂਦੀ ਰਹਿੰਦੀ ਆ। ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27-28 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਅਤੇ ਤੁਹਾਡੇ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਘ ‘ਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਹਾਂ। ਪੁੱਤ ਅਸੀਂ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ, ਪੁੱਤ ਸਾਡੇ ‘ਤੇ ਜੋ ਬੀਤੀਆਂ ਉਸ ਦੀ ਮੱਲ੍ਹਮ ਸਤਿਗੁਰੂ ਆਪ ਬਣ ਕੇ ਆਏ। ਪੁੱਤ ਅਸੀਂ ਵੀ ਦੁਨੀਆਵੀਂ ਮਸਲਿਆਂ ‘ਚ ਆਪਣੀ ਮੌਜ਼ੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਹਾਂ ਅਤੇ ਸਾਰਿਆਂ ਤੋਂ ਸਾਡੇ ਜ਼ਜਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ…।”  

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ  ‘ਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ। 

Add a Comment

Your email address will not be published. Required fields are marked *