ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ

ਦੁਬਈ : ਦੁਬਈ ਵਿਚ ਰਹਿੰਦੀ ਇਕ ਪੰਜਾਬੀ ਔਰਤ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਅਚਾਨਕ ਕਿਸਮਤ ਚਮਕ ਗਈ ਅਤੇ ਉਹ ਕਰੋੜਾਂ ਰੁਪਏ ਦੀ ਮਾਲਕਣ ਬਣ ਗਈ। ਦਰਅਸਲ ਵਿਆਹ ਦੀ 16ਵੀਂ ਵਰ੍ਹੇਗੰਢ ਮੌਕੇ ਪੰਜਾਬੀ ਔਰਤ ਦੀ 10 ਲੱਖ ਡਾਲਰ ਯਾਨੀ 8.3 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਸੂਤਰਾਂ ਅਨੁਸਾਰ ਵਰ੍ਹੇਗੰਢ ਮੌਕੇ ਪੰਜਾਬਣ ਔਰਤ ਨੂੰ ਆਪਣੇ ਪਤੀ ਤੋਂ ਨਕਦ 1000 ਦਿਰਹਮ ਦਾ ਤੋਹਫ਼ਾ ਮਿਲਿਆ ਸੀ। ਉਸ ਨੇ ਇਨ੍ਹਾਂ ਪੈਸਿਆਂ ਨਾਲ 16 ਮਈ ਨੂੰ ਇੱਕ ‘ਰਾਫ਼ਲ ਡਰਾਅ ਟਿਕਟ’ ਖਰੀਦ ਲਿਆ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ ਅਤੇ ਉਸ ਦੀ 10 ਲੱਖ ਡਾਲਰ ਦੀ ਲਾਟਰੀ ਲੱਗ ਗਈ।

ਸੂਤਰਾਂ ਅਨੁਸਾਰ 42 ਸਾਲਾ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ। ਪਾਇਲ ਨੇ ਦੱਸਿਆ ਉਸ ਦੇ ਪਤੀ ਨੇ 20 ਅਪ੍ਰੈਲ ਨੂੰ ਉਨ੍ਹਾਂ ਦੀ ਵਰ੍ਹੇਗੰਢ ‘ਤੇ ਤੋਹਫੇ ਵਜੋਂ ਪੈਸੇ ਦਿੱਤੇ ਸਨ, ਜਿਹਨਾਂ ਦੀ ਉਸ ਨੇ ਲਾਟਰੀ ਖਰੀਦ ਲਈ। ਉਸ ਨੇ ਕਿਹਾ, ‘‘ਇਸ ਪੈਸੇ ਨਾਲ ਮੈਂ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦੀ, ਜਿਸ ਵਿਚ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ।’’ ਉਸ ਦਾ ਮਨਪਸੰਦ ਨੰਬਰ ਤਿੰਨ ਹੈ ਅਤੇ ਉਹ ਪਿਛਲੇ ਬਾਰਾਂ ਸਾਲਾਂ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। 

ਉਸ ਨੇ ਕਿਹਾ, ‘‘ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਤਾਂ ਮੈਂ ਹਵਾਈ ਅੱਡੇ ’ਤੇ ਹਰ ਸਾਲ ਇਕ ਜਾਂ ਦੋ ਵਾਰ ਡੀ.ਡੀ.ਐਫ. ਖਰੀਦਦੀ ਸੀ ਪਰ ਇਸ ਵਾਰੀ ਮੈਂ ਪਹਿਲੀ ਵਾਰ ਲਾਟਰੀ ਦੀ ਟਿਕਟ ਆਨਲਾਈਨ ਖ਼ਰੀਦੀ। ਮੇਰੇ ਪਤੀ ਵਲੋਂ ਦਿੱਤੇ ਨਕਦ ਤੋਹਫ਼ੇ ਨੇ ਸਾਨੂੰ ਕਰੋੜਪਤੀ ਬਣਾ ਦਿੱਤਾ ਹੈ।’’ ਜਦੋਂ ਉਸ ਨੂੰ ਲਾਟਰੀ ਜਿੱਤਣ ਦੀ ਖ਼ਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਜਿੱਤ ਦੀ ਖ਼ਬਰ ਸਭ ਤੋਂ ਪਹਿਲਾਂ ਆਪਣੀ ਸੱਸ ਨੂੰ ਸੁਣਾਈ ਅਤੇ ਫਿਰ ਉਸ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ। 

ਪੈਸੇ ਖ਼ਰਚ ਕਰਨ ਨੂੰ ਲੈ ਕੇ ਉਸ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਬੱਚਿਆਂ ਦੇ ਭਵਿੱਖ  ਲਈ ਸੁਰੱਖਿਅਤ ਰਖੇਗੀ। ਦੁਬਈ ਡਿਊਟੀ ਫ੍ਰੀ ਦੀ ਵੈੱਬਸਾਈਟ ਮੁਤਾਬਕ ਦੁਬਈ ਡਿਊਟੀ ਫ੍ਰੀ ਨਾਲ 10 ਲੱਖ ਅਮਰੀਕੀ ਡਾਲਰ ਜਿੱਤਣ ਦਾ 5,000 ’ਚੋਂ ਸਿਰਫ਼ ਇਕ ਮੌਕਾ ਹੈ। ਹੁਣ ਤਕ ਸਿਰਫ਼ 8 ਖੁਸ਼ਕਿਸਮਤ ਲੋਕਾਂ ਨੇ ਦੋ ਵਾਰ ਇਹ ਲਾਟਰੀ ਜਿੱਤੀ ਹੈ।

Add a Comment

Your email address will not be published. Required fields are marked *