ਕਰਨ ਔਜਲਾ ਨੇ ਬਾਪੂ ਦੀ 35 ਸਾਲ ਪੁਰਾਣੀ ਕਮੀਜ਼ ਪਾ ਕੇ ਸ਼ੂਟ ਕੀਤਾ ਨਵਾਂ ਗੀਤ

ਜਲੰਧਰ – ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਮੁੜ ਸੁਰਖੀਆਂ ‘ਚ ਆ ਗਿਆ ਹੈ। ਗਾਇਕ ਦੇ ਲਗਾਤਾਰ 2 ਗਾਣੇ ‘Goin Off’ ਤੇ ‘Winning Speech’ ਰਿਲੀਜ਼ ਹੋਏ ਹਨ ਅਤੇ ਇਨ੍ਹਾਂ ਦੋਵੇਂ ਹੀ ਗੀਤਾਂ ਨੇ ਯੂਟਿਊਬ ‘ਤੇ ਧਮਾਲ ਮਚਾ ਦਿੱਤੀ ਹੈ। ਉਨ੍ਹਾਂ ਦਾ ਗੀਤ ‘ਵਿਨਿੰਗ ਸਪੀਚ’ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਗਾਇਕ ਕਰਨ ਔਜਲਾ ਨੇ ਇਸ ਗੀਤ ‘ਚ 35 ਸਾਲ ਪੁਰਾਣੀ ਸ਼ਰਟ ਪਹਿਨੀ ਹੈ, ਜੋ ਕਿ ਉਨ੍ਹਾਂ ਦੇ ਪਿਤਾ ਦੀ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਗੀਤ ‘ਚ ਵੀ ਕੀਤਾ ਹੈ। ਇਸ ਤੋਂ ਇਲਾਵਾ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਦੱਸ ਰਹੇ ਹਨ ਕਿ ਮੈਂ ਆਪਣੇ ਬਾਪੂ ਦੀ 35 ਸਾਲ ਪੁਰਾਣੀ ਸ਼ਰਟ ਪਹਿਨੀ ਹੈ। 

ਦੱਸਣਯੋਗ ਹੈ ਕਿ ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿਚ ਹੋਇਆ ਸੀ। ਉਸਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸਨ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਨ੍ਹਾਂ ਦੇ ਚਾਚਾ ਅਤੇ ਭੈਣਾਂ ਨੇ ਪਾਲਿਆ।

ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਟੌਪ ਸਿੰਗਰ ਹੈ। ਉਸ ਮਹਿਜ਼ 20 ਸਾਲ ਦੀ ਉਮਰ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਅੱਜ 27 ਸਾਲ ਦੀ ਉਮਰ ‘ਚ ਉਹ 100 ਕਰੋੜ ਜਾਇਦਾਦ ਦਾ ਮਾਲਕ ਹੈ। ਉਸ ਦੇ ਗਾਏ ਗਾਣੇ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦੇ ਹਨ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਕਰਨ ਔਜਲਾ ਨੇ ਸਾਲ 2023 ‘ਚ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕੀਤਾ ਸੀ।

Add a Comment

Your email address will not be published. Required fields are marked *