ਨਿੱਝਰ ਦੇ ਕਤਲ ਦੇ ਸ਼ੱਕ ‘ਚ ਗ੍ਰਿਫ਼ਤਾਰ ਚੌਥਾ ਭਾਰਤੀ ਕੈਨੇਡਾ ਦੀ ਅਦਾਲਤ ‘ਚ ਪੇਸ਼

ਓਟਾਵਾ : ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਗ੍ਰਿਫ਼ਤਾਰ ਭਾਰਤੀ ਨਾਗਰਿਕ ਅਮਨਦੀਪ ਸਿੰਘ ਨੂੰ ਬੁੱਧਵਾਰ ਨੂੰ ਕੈਨੇਡਾ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 21 ਮਈ ਨੂੰ ਦੁਬਾਰਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਸ਼ਹੂਰ ਕੇਸ ਵਿੱਚ ਅਮਨਦੀਪ ਸਿੰਘ ਤਿੰਨ ਹੋਰਾਂ ਸਮੇਤ ਸਹਿ ਮੁਲਜ਼ਮ ਹੈ। ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਹੈ।

ਸਥਾਨਕ ਮੀਡੀਆ ਨੇ ਦੱਸਿਆ ਕਿ ਅਮਨਦੀਪ ਸਿੰਘ (22) ਨੂੰ ਬੁੱਧਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਜੱਜ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਲਈ ਮੁਲਤਵੀ ਕਰ ਦਿੱਤੀ। ਨਿੱਝਰ (45) ਦੀ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਮਨਦੀਪ ‘ਤੇ 11 ਮਈ ਨੂੰ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਸਨ। ਇਸ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਖ਼ਿਲਾਫ਼ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ। 

ਅਮਨਦੀਪ ਨੂੰ ਓਂਟਾਰੀਓ ਤੋਂ ਵੀਡੀਓ ਕਾਨਫਰੰਸ ਰਾਹੀਂ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਪਹਿਲਾਂ ਹੀ ਹਥਿਆਰਾਂ ਦੇ ਦੋਸ਼ ਵਿੱਚ ਪੀਲ ਰੀਜਨਲ ਪੁਲਸ ਦੀ ਹਿਰਾਸਤ ਵਿੱਚ ਹੈ। ਜੱਜ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 21 ਮਈ ਨੂੰ ਹੋਵੇਗੀ ਅਤੇ ਫਿਰ ਉਸ ਨੂੰ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਹੋਰ ਦੋਸ਼ੀਆਂ ਦੇ ਨਾਲ ਪੇਸ਼ ਕੀਤਾ ਜਾਵੇ। ਤਕਨੀਕੀ ਕਾਰਨਾਂ ਕਰਕੇ ਅਮਨਦੀਪ ਦੀ ਪੇਸ਼ੀ ਵਿੱਚ ਦੇਰੀ ਹੋਈ ਸੀ। ਉਸ ਦੀ ਪੇਸ਼ੀ ਤੋਂ ਪਹਿਲਾਂ ਅਦਾਲਤ ਦੇ ਕਮਰੇ ਦੇ ਬਾਹਰ ਦੋ ਦਰਜਨ ਦੇ ਕਰੀਬ ਲੋਕ ਖਾਲਿਸਤਾਨ ਪੱਖੀ ਝੰਡੇ ਲੈ ਕੇ ਖੜ੍ਹੇ ਸਨ। ਪੁਲਸ ਅਨੁਸਾਰ ਅਮਨਦੀਪ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਭਾਰਤੀ ਨਾਗਰਿਕ ਹਨ। 

ਅਮਨਦੀਪ ਕੈਨੇਡਾ ਵਿੱਚ ਬਰੈਂਪਟਨ, ਐਬਟਸਫੋਰਡ ਅਤੇ ਸਰੀ ਵਿੱਚ ਆਪਣਾ ਸਮਾਂ ਬਤੀਤ ਕਰਦਾ ਸੀ। ਕੈਨੇਡੀਅਨ ਮੀਡੀਆ ਅਨੁਸਾਰ ਦੋਸ਼ੀ ਹਮਲਾਵਰ ਦਸਤੇ ਦੇ ਮੈਂਬਰ ਸਨ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਭਾਰਤ ਸਰਕਾਰ ਨੇ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਸੀ.ਬੀ.ਸੀ ਨਿਊਜ਼ ਦੀ ਰਿਪੋਰਟ ਮੁਤਾਬਕ ਨਿੱਝਰ ਦੀ ਮੌਤ ਦੇ ਸਮੇਂ ਅਮਨਦੀਪ ਪਹਿਲਾਂ ਹੀ ਕੈਨੇਡਾ ਵਿੱਚ ਕਾਨੂੰਨੀ ਮਾਮਲਿਆਂ ਵਿੱਚ ਉਲਝਿਆ ਹੋਇਆ ਸੀ। ਖ਼ਬਰਾਂ ਅਨੁਸਾਰ ਇੱਕ ਅਸਥਾਈ ਵੀਜ਼ੇ ‘ਤੇ ਕੈਨੇਡਾ ਆਇਆ ਭਾਰਤੀ ਨਾਗਰਿਕ, ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ‘ਤੇ ਨਿੱਝਰ ਦੇ ਕਤਲ ਲਈ ਉਡੀਕਦੇ ਪਾਏ ਜਾਣ ਤੋਂ ਦੋ ਦਿਨ ਪਹਿਲਾਂ ਹੀ ਸਰੀ ਦੀ ਇੱਕ ਅਦਾਲਤ ਵਿੱਚ ਇੱਕ ਗੈਰ-ਸੰਬੰਧਿਤ ਮਾਮਲੇ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਪੇਸ਼ ਹੋਇਆ ਸੀ। ਅਮਨਦੀਪ ਨੂੰ ਮਾਰਚ 2023 ਵਿਚ ਪੁਲਸ ਹਿਰਾਸਤ ਵਿਚੋਂ ਫਰਾਰ ਹੋਣ ਤੋਂ ਬਾਅਦ ਜਾਰੀ ਕੀਤੇ ਵਾਰੰਟ ਦੇ ਆਧਾਰ ‘ਤੇ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਤੋਂ ਭੱਜਣ ਅਤੇ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਤਹਿਤ ਉਸ ਨੂੰ ਪਹਿਲੀ ਵਾਰ 16 ਜੂਨ 2023 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

Add a Comment

Your email address will not be published. Required fields are marked *