ਸਾਊਥ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਖ਼ਿਲਾਫ਼ ਕੇਸ ਦਰਜ
May 13, 2024
![](http://mehakewattan.com/wp-content/uploads/2024/05/2024_5image_09_27_568127584569-ll.jpg)
ਆਂਧਰਾ ਪ੍ਰਦੇਸ਼ – ਆਂਧਰਾ ਪ੍ਰਦੇਸ਼ ਪੁਲਸ ਨੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਪ੍ਰਚਾਰ ਕਰਨ ’ਤੇ ਰੋਕ ਦੇ ਬਾਵਜੂਦ ਇਕ ਰੈਲੀ ’ਚ ਸ਼ਾਮਲ ਹੋਣ ਦੇ ਦੋਸ਼ ’ਚ ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਨੰਡਿਆਲਾ ਜ਼ਿਲੇ ਦੇ ਐੱਸ. ਪੀ. ਕੇ. ਰਘੂਵੀਰਾ ਰੈੱਡੀ ਨੇ ਦੱਸਿਆ ਕਿ ਅਰਜੁਨ ਸ਼ਨੀਵਾਰ ਨੂੰ ਨੰਡਿਆਲਾ ਵਿਧਾਨ ਸਭਾ ਹਲਕੇ ਤੋਂ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਉਮੀਦਵਾਰ ਐੱਸ. ਰਵੀ ਚੰਦਰ ਕਿਸ਼ੋਰ ਰੈਡੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਇਕ ਰੈਲੀ ’ਚ ਆਏ ਸਨ।
ਰਘੂਵੀਰਾ ਰੈਡੀ ਨੇ ਕਿਹਾ, ‘‘ਚੋਣ ਪ੍ਰਚਾਰ ’ਤੇ ਰੋਕ ਦੀ ਮਿਆਦ ਦੌਰਾਨ ਰੈਲੀ ’ਚ ਆ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਅੱਲੂ ਅਰਜੁਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ 300 ਤੋਂ ਵੱਧ ਪ੍ਰਸ਼ੰਸਕ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।