ਨਿਊਜ਼ੀਲੈਂਡ ‘ਚ ਪੰਜਾਬੀ ਬੋਲੀ ਨਾਲ ਜੋੜਨ ਲਈ Club ਨੇ ਖੋਲ੍ਹਿਆ ਬਿਨਾਂ ਫੀਸ ਵਾਲਾ ਸਕੂਲ 

ਆਕਲੈਂਡ– Hamilton Youth Club ਨਿਊਜ਼ੀਲੈਂਡ ਨੇ ਖੇਡਾਂ ਦੇ ਖੇਤਰ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਬੱਚਿਆਂ ਨੂੰ ਖੇਡਾਂ ਦੀ ਫ੍ਰੀ ਸਿਖਲਾਈ ਦੇਣ ਦੇ ਨਾਲ ਨਾਲ ਹੁਣ ਸਿੱਖਿਆ ਦੇ ਖੇਤਰ ‘ਚ ਇੱਕ ਨਵੀਂ ਪੁਲਾਂਘ ਪੁੱਟੀ ਹੈ। ਦਰਅਸਲ ਹਰ ਬੰਦੇ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਜਨਮ ਦੇਣ ਵਾਲੀ ਮਾਂ, ਮਾਂ-ਬੋਲੀ ਤੇ ਧਰਤੀ ਮਾਤਾ। ਇਨ੍ਹਾਂ ਤਿੰਨਾਂ ਮਾਵਾਂ ਦਾ ਰਿਸ਼ਤਾ ਮਨੁੱਖ ਨਾਲ ਜਨਮ ਤੋਂ ਮਰਨ ਤਕ ਦਾ ਹੁੰਦਾ ਹੈ। ਧਰਤੀ ਮਾਂ ਤਾਂ ਮਨੁੱਖ ਨੂੰ ਉਸ ਦੇ ਮਰਨ ਮਗਰੋਂ ਵੀ ਆਪਣੀ ਗੋਦ ’ਚ ਲੁਕਾ ਕੇ ਰੱਖਦੀ ਹੈ। ਮਾਂ ਤੋਂ ਸਿੱਖੀ ਹੋਈ ਬੋਲੀ ਨੂੰ ਅਸੀਂ ਮਾਂ-ਬੋਲੀ ਜਾਂ ਮਾਤ ਭਾਸ਼ਾ ਕਹਿ ਦਿੰਦੇ ਹਾਂ। ਮਾਂ-ਬੋਲੀ ਬੋਲਣ ਲਈ ਬੱਚੇ ਨੂੰ ਕਿਸੇ ਵਿਸ਼ੇਸ਼ ਸਿਖਲਾਈ ਦੀ ਜ਼ਰੂਰਤ ਨਹੀਂ ਹੁੰਦੀ। ਅਸਲ ’ਚ ਬੱਚਾ ਸਭ ਤੋਂ ਪਹਿਲਾਂ ਸੰਬੋਧਿਤ ਹੀ ਆਪਣੀ ਮਾਂ ਨੂੰ ਹੁੰਦਾ ਹੈ। ਜਿੱਥੇ ਵੀ ਇਹ ‘ਮਾਂ’ ਸ਼ਬਦ ਆ ਜਾਂਦਾ ਹੈ, ਮਨ ਉੱਥੇ ਹੀ ਮਮਤਾ, ਵੈਰਾਗ, ਮੋਹ ਤੇ ਪਿਆਰ ਨਾਲ ਲਬਰੇਜ਼ ਹੋ ਜਾਂਦਾ ਹੈ। ਮਾਂ ਦੀ ਮਮਤਾ, ਮਾਂ ਦੇ ਲਾਡ, ਮਾਂ ਦਾ ਫ਼ਿਕਰ ਤੇ ਮਾਂ ਦੀ ਬੋਲੀ ਬੰਦੇ ਨੂੰ ਸਦਾ ਮਾਂ ਨਾਲ ਜੋੜ ਕੇ ਰੱਖਦੇ ਹਨ। ਬਹੁਤ ਅਕਿ੍ਰਤਘਣ ਹੋਇਆ ਕਰਦੇ ਹਨ ਉਹ ਲੋਕ, ਜੋ ਇਨ੍ਹਾਂ ਮਾਵਾਂ ਨੂੰ ਭੁੱਲ ਜਾਂਦੇ ਹਨ। ਪਰ ਜੇਕਰ ਵਿਦੇਸ਼ਾਂ ‘ਚ ਵੱਸਦੇ ਲੋਕਾਂ ਦੀ ਗੱਲ ਕਰੀਏ ਤਾਂ ਕੀਤੇ ਨਾ ਕੀਤੇ ਉਨ੍ਹਾਂ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਰਹਿ ਜਾਂਦੇ ਹਨ। ਜਿਆਦਾਤਰ ਬੱਚੇ ਪੰਜਾਬੀ ਬੋਲ ਤਾਂ ਲੈਂਦੇ ਹਨ ਪਰ ਪੜਨ ‘ਚ ਅਤੇ ਲਿਖਣ ‘ਚ ਪਿੱਛੇ ਰਹਿ ਜਾਂਦੇ ਹਨ।

ਪਰ ਹੁਣ ਇਸੇ ਪਾੜੇ ਨੂੰ ਦੂਰ ਕਰਨ ਲਈ Hamilton Youth Club ਨਿਊਜ਼ੀਲੈਂਡ ਨੇ ਵੱਖਰਾ ਉਪਰਾਲਾ ਕਰਦਿਆਂ Hamilton ‘ਚ ਦਸਮੇਸ਼ ਪੰਜਾਬੀ ਸਕੂਲ ਦੀ ਸ਼ੁਰੂਆਤ ਕੀਤੀ ਹੈ। ਇੱਥੇ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਸਿਖਾਈ ਤੇ ਪੜ੍ਹਾਈ ਜਾਵੇਗੀ। ਇਹ ਸਕੂਲ ਹਫ਼ਤੇ ‘ਚ 2 ਲੱਗੇਗਾ। ਇਹ ਸਕੂਲ ਬੁੱਧਵਾਰ ਨੂੰ 6 pm ਤੋਂ 8 pm ਤੱਕ ਅਤੇ ਸ਼ਨੀਵਾਰ ਨੂੰ 12 pm ਤੋਂ 2 pm ਤੱਕ ਲੱਗੇਗਾ। ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਸ ਸਕੂਲ ‘ਚ ਕੋਈ ਫੀਸ ਵੀ ਨਹੀਂ ਰੱਖੀ ਗਈ। ਜ਼ਿਕਰਯੋਗ ਹੈ ਕਿ ਮਾਂ ਬੋਲੀ ਪੰਜਾਬੀ ਇੱਕ ਅਜਿਹੀ ਬੋਲੀ ਹੈ, ਜਿਸਨੂੰ ਜਿੰਨਾ ਵੀ ਸੁਣੀਏ, ਵਿਚਾਰੀਏ, ਦਿਲ ਨੂੰ ਸਕੂਨ ਮਿਲਦਾ ਹੈ। ਉੱਥੇ ਹੀ ਦਸਮੇਸ਼ ਪੰਜਾਬੀ ਸਕੂਲ ਹੈਮਿਲਟਨ ਦੀ ਸ਼ੁਰੂਆਤ ਮੌਕੇ ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਖੋਸਾ, ਸੈਕਟਰੀ ਮਨਦੀਪ ਸਿੰਘ ਚੱਕਰ,ਮੈਂਬਰ ਸੰਦੀਪ ਸੰਧੂ, ਅਮਨ ਗਰੇਵਾਲ, ਖੁਸਮੀਤ ਕੌਰ ਸਿੱਧੂ ਅਤੇ ਹੋਰ ਅਹੁਦੇਦਾਰ ਮੌਜੂਦ ਰਹੇ। ਇਸ ਦੌਰਾਨ ਅਹੁਦੇਦਾਰਾਂ ਨੇ ਨਿਊਜ਼ੀਲੈਂਡ ‘ਚ ਵਸਦੇ ਭਾਈਚਾਰੇ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਬੱਚਿਆਂ ਨੂੰ ਸਕੂਲ ਭੇਜਣ ਦੀ ਬੇਨਤੀ ਕੀਤੀ। ਇਹ ਸਕੂਲ 10 Borman road , Huntington, Hamilton 3210 ਵਿਖੇ ਸ਼ੁਰੂ ਕੀਤਾ ਗਿਆ ਹੈ। ਜਿਆਦਾ ਜਾਣਕਾਰੀ ਲਈ ਤੁਸੀਂ Hamilton youth club ਦੇ Contact ਨੰਬਰ 027 339 2499 ‘ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *