ਬਾਈਡੇਨ ਅਤੇ ਟਰੰਪ ਨੇ ਇੰਡੀਆਨਾ ਪ੍ਰਾਇਮਰੀ ਚੋਣਾਂ ‘ਚ ਹਾਸਲ ਕੀਤੀ ਜਿੱਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੰਡੀਆਨਾ ਸੂਬੇ ਵਿਚ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਆਪੋ-ਆਪਣੇ ਪਾਰਟੀਆਂ ਦੀ ਤਰਫੋਂ ਜਿੱਤ ਦਰਜ ਕੀਤੀ ਹੈ। ਬਾਈਡੇਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ ਜਦਕਿ ਟਰੰਪ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਨ। 

ਅਮਰੀਕੀ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਮੰਗਲਵਾਰ ਨੂੰ ਹੋਈ ਇਸ ਜਿੱਤ ਨਾਲ ਟਰੰਪ ਨੂੰ 58 ਹੋਰ ‘ਡੈਲੀਗੇਟਸ’ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦੀਆਂ ਵੋਟਾਂ ਮਿਲ ਗਈਆਂ ਹਨ। ਹਾਲਾਂਕਿ ਉਹ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ। ਇੰਡੀਆਨਾ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਟਰੰਪ (77) ਇੱਕੋ ਇੱਕ ਉਮੀਦਵਾਰ ਸਨ। ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਬਾਈਡੇਨ (81) ਨੇ ਇੰਡੀਆਨਾ ਵਿਚ ਸਾਰੇ 79 ‘ਡੈਲੀਗੇਟਾਂ’ ਦੀਆਂ ਵੋਟਾਂ ਹਾਸਲ ਕੀਤੀਆਂ ਹਨ।

ਅਮਰੀਕਾ ਵਿੱਚ 5 ਨਵੰਬਰ ਨੂੰ ਚੋਣਾਂ ਹੋਣੀਆਂ ਹਨ। 1912 ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਮੌਜੂਦਾ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਵਿਚਕਾਰ ਮੁਕਾਬਲਾ ਹੋਵੇਗਾ। ਐਨ.ਬੀ.ਸੀ ਸ਼ਿਕਾਗੋ ਦੀ ਖ਼ਬਰ ਮੁਤਾਬਕ ਸਾਲ 1912 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਵਿਲੀਅਮ ਹਾਵਰਡ ਟਾਫਟ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਸਨ ਜਦਕਿ ਸਾਬਕਾ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਪ੍ਰੋਗਰੈਸਿਵ ਪਾਰਟੀ ਦੇ ਉਮੀਦਵਾਰ ਸਨ। ਹਾਲਾਂਕਿ ਨਿਊਜਰਸੀ ਦੇ ਗਵਰਨਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵੁਡਰੋ ਵਿਲਸਨ ਨੇ ਇਹ ਚੋਣ ਜਿੱਤੀ।

Add a Comment

Your email address will not be published. Required fields are marked *