ਭਾਰਤ ਤੇ ਆਸਟ੍ਰੇਲੀਆ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿਚ

ਦੁਬਈ- ਭਾਰਤ ਨੂੰ ਇਸ ਸਾਲ 3 ਤੋਂ 20 ਅਕਤੂਬਰ ਤਕ ਬੰਗਲਾਦੇਸ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਐਤਵਾਰ ਨੂੰ ਸਾਬਕਾ ਚੈਂਪੀਅਨ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਨਾਲ ਗਰੁੱਪ-ਏ ਵਿਚ ਜਗ੍ਹਾ ਮਿਲੀ ਹੈ। ਭਾਰਤ ਦੇ ਸਾਰੇ ਮੈਚ ਸਿਲਹਟ ਵਿਚ ਖੇਡੇ ਜਾਣਗੇ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵੱਲੋਂ ਐਲਾਨ 9ਵੇਂ ਮਹਿਲਾ ਟੀ-20 ਵਿਸ਼ਵ ਕੱਪ ਦੇ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 4 ਅਕਤੂਬਰ ਨੂੰ ਨਿਊਜ਼ੀਲੈਂਡ ਵਿਰੁੱਧ ਕਰੇਗੀ ਜਦਕਿ 6 ਅਕਤੂਬਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਟੀਮ ਨੂੰ ਆਪਣਾ ਆਖਰੀ ਗਰੁੱਪ ਮੈਚ 13 ਅਕਤੂਬਰ ਨੂੰ 6 ਵਾਰ ਦੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਖੇਡਣਾ ਹੈ।
ਆਈ. ਸੀ. ਸੀ. ਨੇ ਕਿਹਾ,‘‘ਟੂਰਨਾਮੈਂਟ ਵਿਚ ਹਰੇਕ ਟੀਮ 4 ਗਰੁੱਪ ਮੈਚ ਖੇਡੇਗੀ ਤੇ ਹਰੇਕ ਗਰੁੱਪ ’ਚੋਂ ਚੋਟੀ ਦੀਆਂ ਦੋ ਟੀਮਾਂ 20 ਅਕਤੂਬਰ ਨੂੰ ਢਾਕਾ ਵਿਚ ਹੋਣ ਵਾਲੇ ਫਾਈਨਲ ਤੋਂ ਪਹਿਲਾਂ 17 ਤੇ 18 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲਿਆਂ ਵਿਚ ਜਗ੍ਹਾ ਬਣਾਉਣਗੀਆਂ।’’
ਆਈ. ਸੀ. ਸੀ. ਨੇ ਦੱਸਿਆ ਕਿ ਢਾਕਾ ਤੇ ਸਿਲਹਟ ਵਿਚ 19 ਦਿਨਾਂ ਵਿਚ ਕੁਲ 23 ਮੈਚ ਖੇਡੇ ਜਾਣਗੇ। ਲੋੜ ਪੈਣ ’ਤੇ ਸੈਮੀਫਾਈਨਲ ਤੇ ਫਾਈਨਲ ਦੋਵਾਂ ਲਈ ਰਿਜ਼ਰਵ ਦਿਨ ਰੱਖੇ ਗਏ ਹਨ। ਮੇਜ਼ਬਾਨ ਬੰਗਲਾਦੇਸ਼ ਨੂੰ ਗਰੁੱਪ-ਬੀ ਵਿਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼ ਤੇ ਦੂਜੇ ਕੁਆਲੀਫਾਇਰ ਦੇ ਨਾਲ ਰੱਖਿਆ ਗਿਆ ਹੈ।

Add a Comment

Your email address will not be published. Required fields are marked *