ਫ਼ੌਜ ਬਾਰੇ ਚੰਨੀ ਦੇ ਬਿਆਨ ‘ਤੇ ਭੜਕੇ ਸੁਨੀਲ ਜਾਖੜ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਚ ਭਾਰਤੀ ਫ਼ੌਜ ਦੇ ਵਾਹਨ ਉੱਤੇ ਹੋਏ ਅੱਤਵਾਦੀ ਹਮਲੇ ਨੂੰ ‘ਸਟੰਟ’ ਦੱਸਣ ’ਤੇ ਸਿਆਸਤ ਗਰਮਾ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਬਿਆਨ ਨੇ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਕੀਤਾ ਹੈ, ਇਸ ਸ਼ਰਮਸਾਰ ਕਰਨ ਵਾਲੀ ਬਿਆਨਬਾਜ਼ੀ ਨੂੰ ਲੈ ਕੇ ਲੋਕ ਕਾਂਗਰਸ ਦਾ ‘ਵਾਰੰਟ’ ਕੱਢਣਗੇ।

ਚੰਨੀ ਨੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਚੋਣਾਂ ਦੌਰਾਨ ਹੀ ਹੁੰਦੀਆਂ ਹਨ ਤੇ ਭਾਜਪਾ ਨੂੰ ਜਿਤਾਉਣ ਲਈ ਹੀ ਇਹ ਹਮਲੇ ਯੋਜਨਾਬੱਧ ਤਰੀਕੇ ਨਾਲ ਕਰਵਾਏ ਜਾਂਦੇ ਹਨ। ਚੰਨੀ ਨੇ ਭਾਜਪਾ ‘ਤੇ ਇਲਜ਼ਾਮ ਲਾਇਆ ਸੀ ਕਿ ਇਹ ਸਭ ਚੋਣਾਂ ਜਿੱਤਣ ਦੀ ਚਾਲ ਹੈ।

ਜਾਖੜ ਨੇ ਕਿਹਾ ਕਿ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ, ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਬਿਆਨ ਕਾਂਗਰਸ ਪਾਰਟੀ ਦਾ ਬਿਆਨ ਮੰਨਿਆ ਜਾਵੇਗਾ, ਜੋ ਭਾਰਤੀ ਫ਼ੌਜ ਦੇ ਮਾਣਮੱਤੇ ਇਤਿਹਾਸ ਨੂੰ ਘੱਟੇ ਰੋਲਣ ਤੇ ਵਤਨ ਲਈ ਜਾਨਾਂ ਵਾਰਨ ਦਾ ਜਜ਼ਬਾ ਰੱਖਣ ਵਾਲੇ ਫ਼ੌਜੀ ਜਵਾਨਾਂ ਦਾ ਮਨੋਬਲ ‌ਘਟਾਉਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਇਸ ਦੇਸ਼ ਵਿਰੋਧੀ ਬਿਆਨ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ‘ਇੰਡੀਆ’ ਗਠਜੋੜ ’ਚ ਕਾਂਗਰਸ ਦੀਆਂ ਭਾਈਵਾਲ ਸਿਆਸੀ ਪਾਰਟੀਆਂ ਵੀ ਆਪਣਾ ਪੱਖ ਸਪੱਸ਼ਟ ਕਰਨ ਕਿ ਆਪਣਾ ਖ਼ੂਨ ਡੋਲ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀ ਭਾਰਤੀ ਫ਼ੌਜ ਵਿਰੋਧੀ ਰਵੱਈਏ ਸਬੰਧੀ ਉਨ੍ਹਾਂ ਦੀ ਕੀ ਪਹੁੰਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਲੋਕ ਕਾਂਗਰਸ ਦੀ ਇਸ ਦੇਸ਼ ਤੇ ਭਾਰਤੀ ਫ਼ੌਜ ਵਿਰੋਧੀ ਸੋਚ ਦਾ ਜਵਾਬ ਵੋਟ ਦੀ ਚੋਟ ਨਾਲ ਦੇਣਗੇ।

Add a Comment

Your email address will not be published. Required fields are marked *