ਚੋਣ ਪ੍ਰਚਾਰ ਲਈ ਪੰਜਾਬ ਆਉਣਗੇ ਮੋਦੀ, ਯੋਗੀ ਤੇ ਸ਼ਾਹ

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਕਈ ਵੱਡੇ ਆਗੂ ਪੰਜਾਬ ’ਚ ਚੋਣ ਪ੍ਰਚਾਰ ਕਰਨ ਆਉਣਗੇ। ਇਸ ਸਬੰਧੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨਾਲ ਸੋਮਵਾਰ ਨੂੰ ਮੀਟਿੰਗ ਕਰ ਕੇ ਚੋਣ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਇਹ ਮੀਟਿੰਗ ਹੋਰ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਆਪਣੇ ਬਲਬੂਤੇ ਉੱਤੇ ਚੋਣ ਲੜ ਰਹੀ ਹੈ। ਭਾਜਪਾ ਵੱਲੋਂ ਹੁਣ ਤੱਕ 9 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਬਾਕੀ ਚਾਰ ਹਲਕਿਆਂ ਲਈ ਉਮੀਦਵਾਰਾਂ ਦੇ ਨਾਂ ਦਾ ਐਲਾਨ ਵੀ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ।

ਦਿੱਗਜ ਆਗੂਆਂ ’ਚ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਹਰਦੀਪ ਸਿੰਘ ਪੁਰੀ, ਗਜੇਂਦਰ ਸਿੰਘ ਸ਼ੇਖਾਵਤ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪੰਜਾਬ ’ਚ ਭਾਜਪਾ ਦੇ ਉਮੀਦਵਾਰਾਂ ਲਈ ਖੁੱਲ੍ਹ ਕੇ ਚੋਣ ਪ੍ਰਚਾਰ ਕਰਨਗੇ। ਮਈ ਦੇ ਆਖ਼ਰੀ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਮ੍ਰਿਤਸਰ ਅਤੇ ਲੁਧਿਆਣਾ ’ਚ ਦੋ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਲੋਕ ਸਭਾ ਚੋਣਾਂ ਦਾ ਆਖ਼ਰੀ ਗੇੜ ਹੈ। ਉਦੋਂ ਤੱਕ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਦੇਸ਼ ਦੇ ਬਾਕੀ ਰਾਜਾਂ ’ਚ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਵਿਹਲੀ ਹੋ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਦੇ ਚਾਰ ਲੋਕ ਸਭਾ ਹਲਕਿਆਂ ’ਚ ਵੱਡੀਆਂ ਰੈਲੀਆਂ ਕਰ ਕੇ ਪਿਛਲੇ 10 ਸਾਲਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਰੱਖਿਆ ਜਾਵੇਗਾ। 

ਇਨ੍ਹਾਂ ਰੈਲੀਆਂ ਲਈ ਅਜੇ ਤੱਕ ਲੋਕ ਸਭਾ ਹਲਕਿਆਂ ਦੀ ਚੋਣ ਨਹੀਂ ਕੀਤੀ ਗਈ। ਮਈ ਦੇ ਆਖ਼ਰੀ ਹਫ਼ਤੇ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ ਤੇ ਰਾਜਨਾਥ ਸਿੰਘ ਤੋਂ ਇਲਾਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਹਰਦੀਪ ਸਿੰਘ ਪੁਰੀ ਵੱਲੋਂ ਚੋਣ ਮੈਦਾਨ ਨੂੰ ਪੂਰੀ ਤਰ੍ਹਾਂ ਭਖਾਇਆ ਜਾਵੇਗਾ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਵੱਲੋਂ ਪੰਜਾਬ ’ਚ ਦਰਜਨ ਭਰ ਰੈਲੀਆਂ ਕਰਨ ਦੀ ਚਰਚਾ ਹੈ। ਇਨ੍ਹਾਂ ਤੋਂ ਇਲਾਵਾ ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਅਰਜੁਨ ਰਾਮ ਮੇਘਵਾਲ, ਮਨਸੁਖ ਮਾਂਡਵੀਆ ਵਰਗੇ ਆਗੂ ਵੀ ਮਈ ਮਹੀਨੇ ਪੰਜਾਬ ’ਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਕੇਂਦਰੀ ਲੀਡਰਸ਼ਿਪ ਸਾਰੀਆਂ ਸੀਟਾਂ ’ਤੇ ਚੋਣ ਪ੍ਰਚਾਰ ਕਰੇਗੀ।

Add a Comment

Your email address will not be published. Required fields are marked *