RBI ਦੀ ਕਾਰਵਾਈ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਨੂੰ ਹੋਇਆ ਨੁਕਸਾਨ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਦੇ ਕਦਮ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ’ਚ ਵੀਰਵਾਰ ਨੂੰ ਲਗਭਗ 12 ਫ਼ੀਸਦੀ ਦੀ ਗਿਰਾਵਟ ਆਈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕ ’ਤੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਗਾਹਕਾਂ ਨੂੰ ਜੋੜਨ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ। ਇਸ ਦੌਰਾਨ ਬੀ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 10.85 ਫ਼ੀਸਦੀ ਡਿੱਗ ਕੇ 1,643 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 12.10 ਫ਼ੀਸਦੀ ਡਿੱਗ ਕੇ 52 ਹਫ਼ਤਿਆਂ ਦੇ ਆਪਣੇ ਹੇਠਲੇ ਪੱਧਰ 1620 ਰੁਪਏ ’ਤੇ ਆ ਗਿਆ ਸੀ। 

ਇਸ ਦੇ ਨਾਲ ਹੀ ਐੱਨ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 10.73 ਫ਼ੀਸਦੀ ਟੁੱਟ ਕੇ 1,645 ਰੁਪਏ ਪ੍ਰਤੀ ਸ਼ੇਅਰ ’ਤੇ ਬੰਦ ਹੋਇਆ। ਸੈਸ਼ਨ ਦੌਰਾਨ ਕੰਪਨੀ ਦਾ ਸ਼ੇਅਰ 13 ਫ਼ੀਸਦੀ ਦੀ ਗਿਰਾਵਟ ਨਾਲ 52 ਹਫ਼ਤਿਆਂ ਦੇ ਹੇਠਲੇ ਪੱਧਰ 1602 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਿਆ ਸੀ। ਕੰਪਨੀ ਦਾ ਬਾਜ਼ਾਰ ਪੂੰਜੀਕਰਨ (ਐੱਮਕੈਪ) 39,768.36 ਕਰੋੜ ਰੁਪਏ ਘੱਟ ਕੇ 3,26,615.40 ਕਰੋੜ ਰੁਪਏ ’ਤੇ ਰਿਹਾ। ਕੰਪਨੀ ਦਾ ਸ਼ੇਅਰ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੋਵਾਂ ’ਚ ਸਭ ਤੋਂ ਵੱਧ ਨੁਕਸਾਨ ’ਚ ਰਿਹਾ। 

ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ ਨੂੰ ਪਿੱਛੇ ਛੱਡਦੇ ਹੋਏ ਐਕਸਿਸ ਬੈਂਕ ਬਾਜ਼ਾਰ ਮੁਲਾਂਕਣ ਦੇ ਹਿਸਾਬ ਨਾਲ ਦੇਸ਼ ਦਾ ਚੌਥਾ ਸਭ ਤੋਂ ਕੀਮਤੀ ਬੈਂਕ ਬਣ ਗਿਆ। ਐਕਸਿਸ ਬੈਂਕ ਦਾ ਐੱਮਕੈਪ 3,48,014.45 ਕਰੋੜ ਰੁਪਏ ਰਿਹਾ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਤੇ ਭਾਰਤੀ ਸਟੇਟ ਬੈਂਕ 3 ਸਭ ਤੋਂ ਕੀਮਤੀ ਬੈਂਕ ਹਨ। ਸੂਚਨਾ ਟੈਕਨਾਲੋਜੀ ਮਾਪਦੰਡਾਂ ਦੀ ਵਾਰ-ਵਾਰ ਪਾਲਣਾ ਨਾ ਕਾਰਨ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਆਰ. ਬੀ. ਆਈ. ਨੇ ਕੋਟਕ ਮਹਿੰਦਰਾ ਬੈਂਕ ਨੂੰ ਆਪਣੇ ਆਨਲਾਈਨ ਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਅਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੋਂ ਤੁਰੰਤ ਪ੍ਰਭਾਵ ’ਤੇ ਰੋਕ ਲਾ ਦਿੱਤੀ। ਰੈਗੂਲੇਟਰੀ ਨੇ ਬੈਂਕ ਦੇ ਆਈ. ਟੀ. ਜੋਖਮ ਪ੍ਰਬੰਧਨ ’ਚ ‘ਗਭੀਰ ਕਮੀਆਂ ਪਾਈਆਂ’।

Add a Comment

Your email address will not be published. Required fields are marked *