ਲੰਡਨ ਦੇ 300 ਏਕੜ ’ਚ ਬਣੇ ਹੋਟਲ ’ਚ ਹੋਵੇਗਾ ਅਨੰਤ-ਰਾਧਿਕਾ ਦਾ ਵਿਆਹ

ਜਲੰਧਰ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਲੰਡਨ ਦੇ ਸਟੋਕ ਪਾਰਕ ਅਸਟੇਟ ਵਿਚ ਵਿਆਹ ਕਰਵਾ ਸਕਦੇ ਹਨ। ਦਰਅਸਲ ਕੁਝ ਹਫਤੇ ਪਹਿਲਾਂ ਇੰਟਰਨੈੱਟ ’ਤੇ ਅਫਵਾਹ ਉਡ ਰਹੀ ਸੀ ਕਿ ਦੋਵਾਂ ਨੇ 12 ਜੁਲਾਈ, 2024 ਨੂੰ ਵਿਆਹ ਕਰਨ ਦਾ ਫੈਸਲਾ ਕੀਤਾ ਹੈ, ਹਾਲਾਂਕਿ ਅਜੇ ਤੱਕ ਕੋਈ ਪੱਕੀ ਤਰੀਕ ਦੀ ਪੁਸ਼ਟੀ ਨਹੀਂ ਹੋਈ ਹੈ। ਦੋਵਾਂ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਗੁਜਰਾਤ ਦੇ ਜਾਮਨਗਰ ’ਚ ਹੋਇਆ ਸੀ। ਇਸ ਵਿਚ ਦੇਸ਼-ਵਿਦੇਸ਼ ਦੀਆਂ ਉਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ। ਅਨੰਤ ਅੰਬਾਨੀ ਦੀ ਮਾਂ ਨੀਤਾ ਅੰਬਾਨੀ ਜੁਲਾਈ ’ਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਨੂੰ ਦੇਖ ਰਹੀ ਹੈ। ਅਨੰਤ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਹਨ।

ਕਈ ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜੁਲਾਈ ’ਚ ਲੰਡਨ ਦੇ ਆਲੀਸ਼ਾਨ ਸਟੋਕ ਪਾਰਕ ਅਸਟੇਟ ’ਚ ਵਿਆਹ ਕਰਨ ਜਾ ਰਹੇ ਹਨ। ਬ੍ਰਿਟੇਨ ’ਚ 300 ਏਕੜ ’ਚ ਬਣਿਆ ਇਹ ਹੋਟਲ ਅੰਬਾਨੀ ਪਰਿਵਾਰ ਦਾ ਹੈ ਅਤੇ ਇਸ ਦੀ ਕੀਮਤ 600 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਲੰਡਨ ਦੀ ਬਕਿੰਘਮਸ਼ਾਇਰ ਕਾਉਂਟੀ ਵਿਚ ਸਥਿਤ ਹੈ ਅਤੇ ਇਸ ਵਿਚ 13 ਟੈਨਿਸ ਕੋਰਟ, 4000 ਵਰਗ ਫੁੱਟ ਦਾ ਜਿਮ ਖੇਤਰ, ਬਹੁਤ ਹੀ ਆਲੀਸ਼ਾਨ ਰੈਸਟੋਰੈਂਟ ਖੇਤਰ ਅਤੇ ਕਈ ਹੋਰ ਆਕਰਸ਼ਕ ਸਥਾਨ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਬੂ ਧਾਬੀ ’ਚ ਇਕ ਹੋਰ ਵਿਆਹ ਸਮਾਗਮ ਹੋਵੇਗਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਲੰਡਨ ’ਚ ਹੋਣ ਵਾਲੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਬਾਲੀਵੁੱਡ ਸਿਤਾਰਿਆਂ ਨੂੰ ਵੀ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ। ਇਨ੍ਹਾਂ ’ਚ ਸ਼ਾਹਰੁਖ ਖਾਨ, ਸਲਮਾਨ ਖਾਨ, ਬੱਚਨ ਪਰਿਵਾਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਵਿਰਾਟ-ਅਨੁਸ਼ਕਾ, ਰਣਬੀਰ-ਆਲੀਆ ਅਤੇ ਵਿੱਕੀ-ਕੈਟਰੀਨਾ ਸ਼ਾਮਲ ਹਨ। ਇਸ ਤੋਂ ਇਲਾਵਾ ਉਦਯੋਗ ਅਤੇ ਰਾਜਨੀਤਕ ਖੇਤਰ ਦੀਆਂ ਕਈ ਨਾਮੀ ਸ਼ਖਸੀਅਤਾਂ ਇਸ ਵਿਚ ਭਾਗ ਲੈ ਸਕਦੀਆਂ ਹਨ। ਵਿਆਹ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਲਈ ਬਹੁਤ ਹੀ ਸੂਖਮ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਵਿਆਹ ਦੀਆਂ ਬਾਰੀਕੀਆਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Add a Comment

Your email address will not be published. Required fields are marked *