ਆਸਟ੍ਰੇਲੀਆ ‘ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ

ਬ੍ਰਿਸਬੇਨ : ਆਸਟ੍ਰੇਲੀਆ ਭਰ ‘ਚ ਹਜ਼ਾਰਾਂ ਲੋਕਾਂ ਨੇ ਐੱਨਜੈੱਕ ਡੇਅ ਸ਼ਰਧਾਂਜਲੀ ਸਮਾਰੋਹ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ ਫੌਜ਼ੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਮੈਲਬੌਰਨ, ਸਿਡਨੀ, ਪਰਥ, ਐਡੀਲੇਡ, ਬ੍ਰਿਸਬੇਨ ਆਦਿ ਸ਼ਹਿਰਾਂ ਵਿਖੇ ਸਮਾਗਮਾ ਵਿੱਚ ਨਮਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਆਸਟ੍ਰੇਲੀਆ ਦੇ ਮਾਣਯੋਗ ਗਵਰਨਰ-ਜਨਰਲ ਅਤੇ ਪ੍ਰਧਾਨ ਮੰਤਰੀ ਨੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ,“ਅਸੀਂ ਇਕੱਠੇ ਮਿਲ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੇ ਹਾਂ। ਇਸ ਮੌਕੇ ਬ੍ਰਿਸਬੇਨ ਸ਼ਹਿਰ ਵਿੱਚ ਪਰੇਡ ਵਿੱਚ ਭਾਗ ਲੈਣ ਲਈ ਹਜ਼ਾਰਾਂ ਫੌਜ਼ੀਆ ਤੇ ਆਮ ਲੋਕਾ ਨੇ ਸ਼ਮੂਲੀਅਤ ਕੀਤੀ ਤੇ ਜਿਸ ਵਿੱਚ ਕਈ ਆਸਟ੍ਰੇਵੀਆਈ ਫੌਜ ਦੇ ਸਾਬਕਾ ਅਫਸਰ ਵੀ ਸ਼ਾਮਲ ਸਨ।

ਫੌਜ਼ ਦੇ ਬੈਂਡਾਂ, ਯੁਵਾ ਸੰਗਠਨਾਂ ਸਮੇਤ ਕਈ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਭਾਰਤੀ ਭਾਈਚਾਰੇ ਵੱਲੋ ਵੀ ਐਨਜੈੱਕ ਡੇਅ ਪਰੇਡ ਵਿਚ ਹਿੱਸਾ ਲਿਆ ਗਿਆ। ਪੰਜਾਬੀ ਤੇ ਭਾਰਤੀ ਭਾਈਚਾਰੇ ਵੱਲੋ ਸੰਨੀਬੈਕ (ਬ੍ਰਿਸਬੇਨ) ਆਰ. ਐੱਸ. ਐੱਲ. ਕਲੱਬ ਵਿਖੇ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਆਸਟ੍ਰੇਲੀਅਨ ਤੇ ਭਾਰਤੀ ਫ਼ੌਜੀਆ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਣਾਮ ਸਿੰਘ ਹੇਅਰ ਚੇਅਰਮੈਨ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਨੇ ਦੱਸਿਆ ਕੀ ਪਰੇਡ ਦੌਰਾਨ ਪੰਜਾਬੀ ਭਾਈਚਾਰੇ ਦਾ ਸਥਾਨਕ ਲੋਕਾ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਥੇ ਵਰਨਣਯੋਗ ਹੈ ਕਿ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ’ਚੋ 74 ਹਜ਼ਾਰ ਦੇ ਕਰੀਬ ਸ਼ਹੀਦ ਹੋਏ ਅਤੇ ਦੂਜੀ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ’ਚੋਂ 87 ਹਜ਼ਾਰ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15 ਹਜ਼ਾਰ ਸੈਨਿਕਾਂ ’ਚੋ 1500 ਭਾਰਤੀ ਫੌਜੀਆਂ ਨੇ ਸ਼ਹੀਦੀ ਦਿੱਤੀ।

Add a Comment

Your email address will not be published. Required fields are marked *