ਲੇਡੀ ਡਾਕਟਰ ਨਾਲ ਕੀਤੀ ਬਦਤਮੀਜ਼ੀ ਸਬੰਧੀ ਡਾਕਟਰਾਂ ਨੇ MLA ਅੰਗੁਰਾਲ ਦੇ ਭਰਾ ’ਤੇ ਕਾਰਵਾਈ ਦੀ ਕੀਤੀ ਮੰਗ

ਜਲੰਧਰ –ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਡਾ. ਹਰਵੀਨ ਕੌਰ ਨਾਲ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੱਲੋਂ ਕਥਿਤ ਬਦਤਮੀਜ਼ੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਦੇ ਨੋਟਿਸ ਵਿਚ ਵੀ ਆ ਚੁੱਕਾ ਹੈ ਅਤੇ ਉਨ੍ਹਾਂ ਕੋਲ ਵਾਇਰਲ ਵੀਡੀਓ ਵੀ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਸਾਰੇ ਡਾਕਟਰ ਵੀ ਡਾ. ਹਰਵੀਨ ਕੌਰ ਦੇ ਸਮਰਥਨ ਵਿਚ ਆ ਗਏ ਹਨ ਅਤੇ ਵਿਧਾਇਕ ਦੇ ਭਰਾ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

ਸ਼ੁੱਕਰਵਾਰ ਡਾਕਟਰਾਂ ਅਤੇ ਸਟਾਫ਼ ਨੇ ਐਮਰਜੈਂਸੀ ਵਾਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਡਾ. ਹਰਵੀਨ ਕੌਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ਵੀ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਸ਼ਰਮਾ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਪੁੱਜੇ। ਉਨ੍ਹਾਂ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਾ. ਹਰਵੀਨ ਨਾਲ ਵੀ ਗੱਲਬਾਤ ਕੀਤੀ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕ ਅਰੋੜਾ ਨੇ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਡਾਕਟਰਾਂ ਦੇ ਨਾਲ ਖੜ੍ਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਮੰਗਲਵਾਰ ਨੂੰ ਰਾਜਨ ਅੰਗੁਰਾਲ ਜਾਂ ਉਨ੍ਹਾਂ ਦੇ ਵਿਧਾਇਕ ਭਰਾ ਸ਼ੀਤਲ ਅੰਗੁਰਾਲ ਸਿਵਲ ਹਸਪਤਾਲ ਪਹੁੰਚ ਕੇ ਡਾਕਟਰਾਂ ਨਾਲ ਗੱਲਬਾਤ ਕਰਨਗੇ। ਫਿਲਹਾਲ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਦਾ ਸੱਦਾ ਵਾਪਸ ਲੈ ਲਿਆ ਹੈ। ਵਿਧਾਇਕ ਰਮਨ ਅਰੋੜਾ ਨੇ ਇਸ ਦੇ ਨਾਲ ਹੀ ਹਸਪਤਾਲ ਦੀ ਓ. ਪੀ. ਡੀ. ਵੀ ਚੈੱਕ ਕੀਤੀ ਅਤੇ ਵੇਖਿਆ ਕਿ ਕਿਸ ਤਰ੍ਹਾਂ ਡਾਕਟਰ ਮਰੀਜ਼ਾਂ ਦੀ ਜਾਂਚ ਕਰਦੇ ਹਨ। ਇਸ ਮੌਕੇ ਵਿਧਾਇਕ ਅਰੋੜਾ ਨੇ ਆਪਣਾ ਵਜ਼ਨ ਵੀ ਚੈੱਕ ਕੀਤਾ। ਵਿਧਾਇਕ ਅਰੋੜਾ ਨਾਲ ਹਸਪਤਾਲ ਵਿਚ ਏ. ਸੀ. ਪੀ. ਸੈਂਟਰਲ ਅਸ਼ਵਨੀ ਅਤਰੀ ਅਤੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਵੀ ਪਹੁੰਚੇ ਸਨ।

Add a Comment

Your email address will not be published. Required fields are marked *