ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ ‘ਚ ਨੌਜਵਾਨ ‘ਤੇ ਡਿੱਗਾ ਆਈਫਿਲ ਟਾਵਰ

ਗੁਰਦਾਸਪੁਰ ਦੇ ਹਰਦੋਛੰਨੀ ਰੋਡ ’ਤੇ ਸਥਿਤ ਦੁਸ਼ਹਿਰਾ ਗਰਾਊਂਡ ’ਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਦੁੱਬਈ ਥੀਮ ਕਾਰਨੀਵਾਲ ਕਰਾਫਟ ਬਾਜ਼ਾਰ ’ਚ ਅੱਜ ਦੁਪਹਿਰ ਸਮੇਂ ਆਈ ਤੇਜ਼ ਹਨੇਰੀ ਦੇ ਕਾਰਨ ਲੱਗਾ ਵਿਸ਼ਾਲ ਆਈਫਿਲ ਟਾਵਰ ਡਿੱਗ ਗਿਆ। ਜਿਸ ਕਾਰਨ ਇਸ ਦੇ ਥੱਲੇ ਆਉਣ ਦੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ 4 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ। ਮੇਲਾ ਪ੍ਰਬੰਧਕ ਫ਼ਰਾਰ ਦੱਸਿਆ ਜਾ ਰਿਹਾ ਹੈ। ਜਦਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ ਪਹਿਲੀ ਵਾਰ ਦੁੱਬਈ ਥੀਮ ਕਾਰਨੀਵਾਲ ਕਰਾਫਟ ਬਾਜ਼ਾਰ ਆਯੋਜਿਤ ਕੀਤਾ ਗਿਆ। ਜਿਸ ਵਿਚ ਦੁੱਬਈ ਦੀ ਤਰਜ਼ ‘ਤੇ ਬੁਰਜ ਕਲੀਫਾ, ਆਈਫਿਲ ਟਾਵਰ, ਇੰਡੀਆ ਗੇਟ ‘ਤੇ ਆਧਾਰਿਤ ਕਾਫੀ ਥੀਮ ਲੋਕਾਂ ਦੇ ਮਨੋਰੰਜਨ ਦੇ ਲਈ ਲਗਾਏ ਹੋਏ ਸਨ। ਅੱਜ ਦੁਪਹਿਰ ਸਮੇਂ ਜਿਵੇਂ ਹੀ ਤੇਜ਼ ਹਨੇਰੀ ਚੱਲੀ ਤਾਂ ਇਸ ਦੌਰਾਨ ਮੇਲੇ ’ਚ ਲੱਗੇ ਬਿਨਾਂ ਕਿਸੇ ਸੇਫਟੀ ਦੇ ਆਈਫਿਲ ਟਾਵਰ ਡਿੱਗ ਗਿਆ। ਜਿਸ ਕਾਰਨ ਟਾਵਰ ਹੇਠਾਂ ਆਉਣ ਕਾਰਨ ਇਕ ਨੌਜਵਾਨ ਰਵਿੰਦਰ ਕੁਮਾਰ ਪੁੱਤਰ ਲੱਖੀ ਰਾਮ ਵਾਸੀ ਕਲੀਚਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਬਹਿਰਾਮਪੁਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।  ਲੋਕਾਂ ਵੱਲੋਂ ਤੁਰੰਤ ਦੋਵਾਂ ਨੂੰ ਇਕ ਨਿੱਜੀ ਹਸਪਤਾਲ ‘ਚ ਪਹੁੰਚਾਇਆ ਗਿਆ, ਪਰ ਰਵਿੰਦਰ ਕੁਮਾਰ ਦੀ ਮੌਤ ਹੋ ਚੁੱਕੀ ਸੀ, ਪਰ ਅਜੇ ਕੁਮਾਰ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ।

ਇਸ ਦੌਰਾਨ ਮੌਕੇ ‘ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿੱਥੇ ਆਈਫਿਲ ਟਾਵਰ ਖੜਾ ਕੀਤਾ ਸੀ, ਉਸ ਜਗ੍ਹਾ ‘ਤੇ ਕੋਈ ਮਜ਼ਬੂਤ ਨੀਂਹ ਨਹੀਂ ਪੁੱਟੀ ਗਈ। ਜਦਕਿ ਇਨਾਂ ਭਾਰਾ ਖੜ੍ਹਾ ਕੀਤਾ ਆਈਫਿਲ ਟਾਵਰ ਦੀ ਕੋਈ ਵੀ ਸੇਫਟੀ ਨਜ਼ਰ ਨਹੀਂ ਆਈ। ਜਿਸ ਕਾਰਨ ਅੱਜ ਆਈ ਮਾਮੂਲੀ ਅਜਿਹੀ ਹਵਾ ਦੇ ਕਾਰਨ ਇਹ ਵਿਸ਼ਾਲ ਭਾਰੀ ਆਈਫਿਲ ਟਾਵਰ ਇਕ ਨੋਜਵਾਨ ਦੀ ਮੌਤ ਦਾ ਕਾਰਨ ਬਣਿਆ।

ਇਸ ਦੌਰਾਨ ਮੌਕੇ ’ਤੇ ਖੜ੍ਹੇ ਕੁਝ ਲੋਕਾਂ ਨੇ ਆਪਣਾ ਨਾਮ ਨਾ ਛੱਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਮੇਲੇ ’ਚ ਨਾ ਤਾਂ ਕੋਈ ਟ੍ਰੇਡ ਕਰਮਚਾਰੀ ਨਜ਼ਰ ਆਉਂਦਾ ਹੈ ਅਤੇ ਨਾ ਹੀ ਕੋਈ ਇੱਥੇ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਜ਼ਰ ਆਉਂਦੀ ਹੈ। ਮੇਲਾ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਮੇਲਾ ਆਯੋਜਿਤ ਕਰਨ ਸਮੇਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਜੇਕਰ ਵੇਖਿਆ ਜਾਵੇ ਤਾਂ ਇਸ ਮੇਲੇ ਦੀ ਪ੍ਰਵਾਨਗੀ ਦੇਣ ਵਾਲੇ ਅਧਿਕਾਰੀ ਵੀ ਮੇਲੇ ’ਚ ਜਾ ਕੇ ਮੇਲਾ ਪ੍ਰਬੰਧਕ ਵੱਲੋਂ ਲੋਕਾਂ ਦੀ ਸੇਫਟੀ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਤੱਕ ਨਹੀਂ ਲੈਂਦੇ। ਜਿਸ ਦਾ ਖਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈਂਦਾ ਹੈ। ਜੇਕਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਇਹੋ ਜਿਹੇ ਹਾਦਸੇ ਨਾ ਵਾਪਰਨ। ਅਧਿਕਾਰੀ ਵੀ ਪਰਮਿਸ਼ਨ ਦੇ ਕੇ ਆਪਣਾ ਪੱਲਾ ਝਾੜਦੇ ਨਜ਼ਰ ਆਉਂਦੇ ਹਨ।

Add a Comment

Your email address will not be published. Required fields are marked *