ਪੁੱਤਰ ਸਲਮਾਨ ਦੇ ਘਰ ਹੋਈ ਫਾਇਰਿੰਗ ‘ਤੇ ਪਿਤਾ ਸਲੀਮ ਖ਼ਾਨ ਨੇ ਤੋੜੀ ਚੁੱਪੀ

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਐਤਵਾਰ ਤੜਕੇ 5 ਵਜੇ ਕਈ ਰਾਉਂਡ ਫਾਇਰ ਕੀਤੇ। ਇਸ ਘਟਨਾ ਤੋਂ ਬਾਅਦ ਸਲਮਾਨ ਦੇ ਪ੍ਰਸ਼ੰਸਕ ਵੀ ਕਾਫ਼ੀ ਚਿੰਤਤ ਹਨ। ਸਲਮਾਨ ਦੇ ਘਰ ‘ਤੇ ਹਮਲੇ ਤੋਂ ਬਾਅਦ ਅਰਬਾਜ਼ ਖ਼ਾਨ ਤੇ ਸੋਹੇਲ ਖ਼ਾਨ ਆਪਣੇ ਭਰਾ ਨੂੰ ਮਿਲਣ ਗਲੈਕਸੀ ਅਪਾਰਟਮੈਂਟ ਪਹੁੰਚੇ।

ਇਸ ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਅਤੇ ਮੁੰਬਈ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਮੁੰਬਈ ਪੁਲਸ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਸਮੇਂ ਸਲਮਾਨ ਘਰ ‘ਚ ਮੌਜੂਦ ਸਨ। ਹਮਲੇ ਤੋਂ ਬਾਅਦ ਸਲਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਸੁਪਰਸਟਾਰ ਨੇ ਆਪਣੇ ਪਰਿਵਾਰ ਨੂੰ ਲੈ ਕੇ ਕਾਫੀ ਚਿੰਤਾ ਜ਼ਾਹਰ ਕੀਤੀ ਹੈ। ਹੁਣ ਸਲਮਾਨ ਦੇ ਪਿਤਾ ਸਲੀਮ ਖ਼ਾਨ ਨੇ ਵੀ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸਲੀਮ ਖ਼ਾਨ ਨੇ ਕਿਹਾ, ”ਚਿੰਤਾ ਦੀ ਕੋਈ ਗੱਲ ਨਹੀਂ ਹੈ। ਦੱਸਣ ਲਈ ਕੁਝ ਵੀ ਨਹੀਂ ਹੈ। ਉਹ ਲੋਕ ਸਿਰਫ਼ ਪਬਲਿਸਿਟੀ ਚਾਹੁੰਦੇ ਹਨ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।”

ਖ਼ਬਰਾਂ ਮੁਤਾਬਕ, ਸਲੀਮ ਇਸ ਘਟਨਾ ਤੋਂ ਤੁਰੰਤ ਬਾਅਦ ਸੈਰ ਕਰਨ ਲਈ ਨਿਕਲ ਗਏ ਸਨ। ਇਕ ਸੂਤਰ ਨੇ ਕਿਹਾ, ਸਲੀਮ ਖ਼ਾਨ ਬਿਲਕੁਲ ਵੀ ਚਿੰਤਤ ਨਹੀਂ ਹਨ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਜਾਰੀ ਰੱਖਦੇ ਹਨ। ਪਰਿਵਾਰ ਬਹੁਤ ਸੁਚੇਤ ਅਤੇ ਸਾਵਧਾਨ ਹੈ। ਸਲਮਾਨ ਖ਼ਾਨ ਸੁਰੱਖਿਅਤ ਅਤੇ ਸਿਹਤਮੰਦ ਹਨ। ਗੋਲੀਬਾਰੀ ਦੀ ਖ਼ਬਰ ਜਦੋਂ ਸਾਹਮਣੇ ਆਈ ਤਾਂ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਅਭਿਨੇਤਾ ਦੇ ਘਰ ਦੇ ਬਾਹਰ ਉਨ੍ਹਾਂ ਦਾ ਸਮਰਥਨ ਕਰਨ ਲਈ ਇਕੱਠੇ ਹੋ ਰਹੇ ਹਨ। ਇਸ ਦੌਰਾਨ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋ ਹਮਲਾਵਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਲਮਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ‘ਚ ਜਿਸ ਗੈਂਗਸਟਰ ਵਿਸ਼ਾਲ ਉਰਫ ਕਾਲੂ ਦਾ ਨਾਂ ਸਾਹਮਣੇ ਆ ਰਿਹਾ ਹੈ, ਉਸ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੀ ਮੰਨੀਏ ਤਾਂ ਇਹੀ ਕਾਰਨ ਹੈ ਕਿ ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਗਰੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇਕਬਾਲੀਆ ਬਿਆਨ ਦੀ ਫੇਸਬੁੱਕ ਪੋਸਟ ‘ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਨਾਂ ਵੀ ਲਿਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਦਾਊਦ ਦਾ ਨਾਂ ਲਿਖਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਦਰਸਾਉਣਾ ਹੈ ਕਿ ਹੁਣ ਮੁੰਬਈ ‘ਚ ਦਾਊਦ ਦਾ ਕੋਈ ਰੁਤਬਾ ਨਹੀਂ ਹੈ। ਸਲਮਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਮੁੰਬਈ ਨੂੰ ਫਿਰੌਤੀ ਦਾ ਵੱਡਾ ਬਾਜ਼ਾਰ ਮੰਨ ਰਿਹਾ ਹੈ।

ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇੰਨਾ ਵੱਡਾ ਜੁਰਮ ਕਰਨ ਤੋਂ ਬਾਅਦ ਕਬੂਲ ਕਰਨ ਦਾ ਕਾਰਨ ਮੁਲਜ਼ਮਾਂ ਦਾ ਵਿਦੇਸ਼ ਬੈਠੇ ਹੋਣਾ ਹੈ। ਕਿਉਂਕਿ ਇਹ ਗੈਂਗਸਟਰ ਜਾਣਦੇ ਹਨ ਕਿ ਕਾਨੂੰਨ ਦੀ ਲੰਮੀ ਬਾਂਹ ਉਨ੍ਹਾਂ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੀ ਅਤੇ ਉਹ ਅਕਸਰ ਛੋਟੇ-ਮੋਟੇ ਅਪਰਾਧਾਂ ‘ਚ ਸ਼ਾਮਲ ਲੜਕਿਆਂ ਨੂੰ ਆਪਣੇ ਗੈਂਗ ‘ਚ ਭਰਤੀ ਕਰ ਲੈਂਦੇ ਹਨ ਅਤੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੇ ਹਨ। ਵਾਰਦਾਤ ਨੂੰ ਅੰਜਾਮ ਦੇਣ ਦੇ ਲਾਲਚ ‘ਚ ਸ਼ੂਟਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵੀ ਬੁਲਾ ਲਿਆ ਜਾਵੇਗਾ ਅਤੇ ਸਿਰਫ਼ ਇਸੇ ਲਾਲਚ ਕਾਰਨ ਅੱਜ ਦੇ ਨੌਜਵਾਨ ਕੋਈ ਵੀ ਵੱਡੀ ਵਾਰਦਾਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।

Add a Comment

Your email address will not be published. Required fields are marked *