ਡਿਊਟੀ ‘ਤੇ ਤਾਇਨਾਤ CRPF ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਗੁਰਦਾਸਪੁਰ – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਡਿਊਟੀ ‘ਤੇ ਗਏ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਦੇ ਸੀ.ਆਰ.ਪੀ.ਐੱਫ਼ ਦੇ ਥਾਣੇਦਾਰ ਕਰਮਜੀਤ ਸਿੰਘ (52) ਦਾ ਬੀਤੇ ਦਿਨ ਰਾਜਸਥਾਨ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਡੇਰਾ ਬਾਬਾ ਨਾਨਕ ਦੇ ਪਿੰਡ ਮਛਰਾਲਾ ਪਹੁੰਚਣ ‘ਤੇ ਜਿੱਥੇ ਪਿੰਡ ਵਿੱਚ ਗਮਗੀਨ ਮਾਹੌਲ ਸੀ ਉੱਥੇ ਹੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 

ਥਾਣੇਦਾਰ ਕਰਮਜੀਤ ਸਿੰਘ ਨੂੰ ਸੀ.ਆਰ.ਪੀ.ਐੱਫ. 13 ਬਟਾਲੀਅਨ ਚੰਡੀਗੜ੍ਹ ਦੇ ਜਵਾਨਾਂ ਵੱਲੋਂ ਅਧਿਕਾਰੀ ਰਾਧੇ ਸ਼ਾਮ ਦੀ ਅਗਵਾਈ ਹੇਠ ਸਲਾਮੀ ਦਿੱਤੀ ਗਈ। ਉਪਰੰਤ ਬਾਬਾ ਗਰੀਬ ਦਾਸ ਤਪ ਅਸਥਾਨ ਦੇ ਮੁੱਖ ਗ੍ਰੰਥੀ ਬਾਬਾ ਮਲੂਕ ਸਿੰਘ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਵੱਲੋਂ ਚਿਖ਼ਾ ਨੂੰ ਅਗਨੀਭੇਂਟ ਕੀਤਾ ਗਿਆ। 

ਇਸ ਮੌਕੇ ਸੀ.ਆਰ.ਪੀ.ਐੱਫ. ਦੇ ਸਬ ਇੰਸਪੈਕਟਰ ਤਿਲਕ ਰਾਜ ਨੇ ਦੱਸਿਆ ਕਿ 13 ਬਟਾਲੀਅਨ ਸੀ.ਆਰ.ਪੀ.ਐੱਫ. ਯੂਨਿਟ ਚੰਡੀਗੜ੍ਹ ਦੀ ਰਾਜਸਥਾਨ ਦੇ ਵਿੱਚ ਲੋਕ ਸਭਾ ਚੋਣਾਂ ਕਰਾਉਣ ਲਈ ਡਿਊਟੀ ਲੱਗੀ ਸੀ। ਇਸ ਦੌਰਾਨ ਕਰਮਜੀਤ ਸਿੰਘ ਨੂੰ ਬੀਤੇ ਦਿਨ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰੰਤ ਰਾਜਸਥਾਨ ਦੇ ਜੈਪੁਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਉਸ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਛਰਾਲਾ ਪਹੁੰਚਾ ਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

Add a Comment

Your email address will not be published. Required fields are marked *