ਫਲਸਤੀਨ ਰਾਜ ਨੂੰ ਮਾਨਤਾ ਦੇ ਸਕਦੈ ਆਸਟ੍ਰੇਲੀਆ

ਕੈਨਬਰਾ- ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸੁਝਾਅ ਦਿੱਤਾ ਹੈ ਕਿ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇ ਸਕਦਾ ਹੈ ਤਾਂ ਜੋ ਸ਼ਾਂਤੀ ਦੇ ਰਾਹ ’ਤੇ ਅੱਗੇ ਵਧਿਆ ਜਾ ਸਕੇ। ਕੈਨਬਰਾ ਵਿਚ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਇਕ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਸਿਰਫ਼ ਦੋ-ਰਾਜੀ ਹੱਲ ਇਜ਼ਰਾਇਲੀਆਂ ਅਤੇ ਫਿਲੀਸਤੀਨੀਆਂ ਲਈ ਇਕ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਦੀ ਗਰੰਟੀ ਦੇ ਸਕਦਾ ਹੈ। ਹਾਲਾਂਕਿ ਪੈਨੀ ਵੋਂਗ ਨੇ ਇਹ ਵੀ ਕਿਹਾ ਕਿ ਫਿਲਸਤੀਨ ਦੇ ਸ਼ਾਸਨ ’ਚ ਹਮਾਸ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਆਸਟ੍ਰੇਲੀਆ ਦੇ ਵਿਰੋਧੀ ਧਿਰਾਂ ਦੇ ਨਾਲ-ਨਾਲ ਜਿਓਨਿਸਟ ਫੈੱਡਰੇਸ਼ਨ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਅਜਿਹਾ ਕਦਮ ਜਲਦਬਾਜ਼ੀ ਹੋਵੇਗੀ। ਆਸਟ੍ਰੇਲੀਆ ਦਾ ਲੰਬੇ ਸਮੇਂ ਤੋਂ ਇਹ ਰੁੱਖ ਰਿਹਾ ਹੈ ਕਿ ਫਿਲਸਤੀਨੀ ਰਾਜ ਨੂੰ ਮਾਨਤਾ ਇਜ਼ਰਾਈਲ ਨਾਲ ਮਿਲ ਕੇ ‘ਦੋ ਰਾਸ਼ਟਰ ਹੱਲ’ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਪਰ ਵੋਂਗ ਦਾ ਬਿਆਨ ਇਸ ਸਾਲ ਦੇ ਸ਼ੁਰੂ ਵਿਚ ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਕੈਮਰਨ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਦਰਸਾਉਂਦਾ ਹੈ। ਕੈਮਰਨ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਬ੍ਰਿਟੇਨ ਇਜ਼ਰਾਈਲ ਦੀ ਮਦਦ ਤੋਂ ਬਿਨਾਂ ਫਿਲਸਤੀਨ ਨੂੰ ਮਾਨਤਾ ਦੇ ਸਕਦਾ ਹੈ। ਆਸਟ੍ਰੇਲੀਆਈ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਵਿਚ ਹਮਾਸ ਅਤੇ ਗਾਜ਼ਾ ਵਿਚ ਜੰਗ ਨੂੰ ਲੈ ਕੇ ਵਾਰ-ਵਾਰ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਪਿਛਲੇ ਸਾਲ 7 ਅਕਤੂਬਰ ਤੋਂ ਹਮਾਸ ਵਿਰੁੱਧ ਜੰਗ ਛੇੜੀ ਹੋਈ ਹੈ। ਇਜ਼ਰਾਈਲ ਵੱਲੋਂ ਛੇੜੀ ਗਈ ਇਸ ਜੰਗ ਵਿਚ 33 ਹਜ਼ਾਰ ਤੋਂ ਵੱਧ ਫਿਲਸਤੀਨੀ ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਜਦੋਂ ਤੋਂ ਜੰਗ ਚੱਲ ਰਹੀ ਹੈ, ਲੇਬਨਾਨ ਦੀ ਸਰਹੱਦ ਨੇੜੇ ਉੱਤਰੀ ਇਜ਼ਰਾਈਲ ਵਿਚ ਇਜ਼ਰਾਈਲੀ ਬਲਾਂ ਅਤੇ ਈਰਾਨ ਸਮਰਥਕ ਸਮੂਹ ਹਿਜ਼ਬੁੱਲਾ ਦਰਮਿਆਨ ਲਗਭਗ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ।

Add a Comment

Your email address will not be published. Required fields are marked *