ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ ਦੇ ਮਾਮਲੇ ’ਚ ਹਾਈ ਕੋਰਟ ਤੋਂ ਮਿਲਿਆ ਝਟਕਾ

ਚੰਡੀਗੜ੍ਹ – ਜਨਮਦਿਨ ’ਤੇ ਕੇਕ ਖਾਣ ਕਾਰਨ 10 ਸਾਲਾ ਬੱਚੀ ਮਾਨਵੀ ਦੀ ਮੌਤ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਜਨਹਿੱਤ ਪਟੀਸ਼ਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਅਦਾਲਤ ਨੇ ਮੋਹਾਲੀ ਨਿਵਾਸੀ ਪਟੀਸ਼ਨਰ ਵਕੀਲ ਕੁੰਵਰ ਪਾਹੁਲ ਸਿੰਘ ਨੂੰ ਕਿਹਾ ਕਿ ਇਸ ਘਟਨਾ ਸਬੰਧੀ ਜਿਥੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ, ਉਥੋਂ ਜਵਾਬ ਆਉਣ ਦੀ ਉਡੀਕ ਕਰਨ।

ਇਸ ਪਟੀਸ਼ਨ ’ਚ ਪੰਜਾਬ ਸਰਕਾਰ ਸਮੇਤ ਖ਼ੁਰਾਕ ਤੇ ਸਪਲਾਈ ਵਿਭਾਗ ਤੇ ਹੋਰਨਾਂ ਨੂੰ ਧਿਰ ਬਣਾਇਆ ਗਿਆ ਸੀ। ਇਹ ਘਟਨਾ ਇਸ ਸਾਲ 24 ਮਾਰਚ ਨੂੰ ਪੰਜਾਬ ਦੇ ਪਟਿਆਲਾ ’ਚ ਵਾਪਰੀ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ 2016 ’ਚ ਇਕ ਹੋਰ ਮਾਮਲੇ ’ਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਮਿਲਾਵਟਖੋਰੀ ਦਾ ਧੰਦਾ ਰੁਕ ਨਹੀਂ ਰਿਹਾ। ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਅਮਨ ਨਗਰ ਪਟਿਆਲਾ ਦੇ ਰਹਿਣ ਵਾਲੇ ਅਜਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ 24 ਮਾਰਚ ਨੂੰ ਕੰਪਨੀ ਤੋਂ ਆਨਲਾਈਨ ਕੇਕ ਆਰਡਰ ਕੀਤਾ ਸੀ।

ਸ਼ਾਮ ਨੂੰ ਜਦੋਂ ਕੇਕ ਕੱਟਿਆ ਗਿਆ ਤਾਂ ਉਸ ਨੂੰ ਖਾਣ ਤੋਂ ਬਾਅਦ ਮਾਨਵੀ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਸਿਹਤ ਖ਼ਰਾਬ ਹੋ ਗਈ ਸੀ। ਮਾਨਵੀ ਤੇ ਉਸ ਦੀ ਛੋਟੀ ਭੈਣ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ’ਤੇ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਅਗਲੇ ਦਿਨ ਮਾਨਵੀ ਦੀ ਮੌਤ ਹੋ ਗਈ।

Add a Comment

Your email address will not be published. Required fields are marked *