ਲੋਕ ਸਭਾ ਚੋਣਾਂ: ਬੈਂਸ ਦੀ ਕਾਂਗਰਸ ’ਚ ਐਂਟਰੀ ’ਤੇ ਲੱਗੀ ਬ੍ਰੇਕ

ਲੁਧਿਆਣਾ – ਲੋਕ ਸਭਾ ਚੋਣਾਂ ਤਹਿਤ ਲੁਧਿਆਣਾ ਦੇ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਵੱਲੋਂ ਭਾਜਪਾ ’ਚ ਸ਼ਾਮਲ ਹੋ ਕੇ ਟਿਕਟ ਹਾਸਲ ਕਰਨ ਤੋਂ ਕਾਫੀ ਦਿਨਾਂ ਬਾਅਦ ਵੀ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਇਸ ਵਿਚ ਵੈਸੇ ਤਾਂ ਪਹਿਲੇ ਹੀ ਦਿਨ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਕੁਝ ਦਿਨਾਂ ਤੋਂ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੈਂਸ ਦਾ ਸਮਰਥਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਨੇਤਾ ਵਿਰੋਧੀ ਪ੍ਰਤਾਪ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕੀਤਾ ਜਾ ਰਿਹਾ ਹੈ ਪਰ ਜਦ ਹਾਈਕਮਾਨ ਵੱਲੋਂ ਇਸ ਸਬੰਧ ਵਿਚ ਹਲਕਾ ਇੰਚਾਰਜਾਂ ਤੋਂ ਫੀਡਬੈਕ ਲਿਆ ਗਿਆ ਤਾਂ ਉਨ੍ਹਾਂ ਨੇ ਬੈਂਸ ਦੀ ਕਾਂਗਰਸ ’ਚ ਐਂਟਰੀ ’ਤੇ ਇਤਰਾਜ਼ ਜਤਾਇਆ ਹੈ।

ਜਾਣਕਾਰੀ ਮੁਤਾਬਕ ਲੋਕਲ ਕਾਂਗਰਸੀਆਂ ਨੇ ਮੁੱਦਾ ਚੁੱਕਿਆ ਹੈ ਕਿ ਬਿੱਟੂ ਖਿਲਾਫ ਪਾਰਟੀ ਛੱਡਣ ਦਾ ਜੋ ਹਥਿਆਰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਬੈਂਸ ਦੀ ਐਂਟਰੀ ਤੋਂ ਬਾਅਦ ਕਾਂਗਰਸ ਦੇ ਹੱਥਾਂ ’ਚੋਂ ਖੁੱਸ ਜਾਵੇਗਾ ਕਿਉਂਕਿ ਬੈਂਸ ਵੀ ਇਸ ਤੋਂ ਪਹਿਲਾਂ ਕਈ ਵਾਰ ਪਾਰਟੀਆਂ ਬਦਲ ਚੁੱਕੇ ਹਨ। ਸੂਤਰਾਂ ਅਨੁਸਾਰ ਲੋਕਲ ਕਾਂਗਰਸੀਆਂ ਨੇ ਬੈਂਸ ਖਿਲਾਫ ਚੱਲ ਰਹੇ ਕੇਸ ਦਾ ਮੁੱਦਾ ਵੀ ਚੁੱਕਿਆ ਹੈ ਕਿ ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਕਾਰਨ ਬੈਂਸ ਦੀ ਕਾਂਗਰਸ ’ਚ ਐਂਟਰੀ ’ਤੇ ਫਿਲਹਾਲ ਬ੍ਰੇਕ ਲੱਗ ਗਈ ਹੈ।

ਬੈਂਸ ਦੇ ਕਾਂਗਰਸ ’ਚ ਸ਼ਾਮਲ ਹੋਣ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਉਹ ਆਪਣੀ ਪਾਰਟੀ ਦੇ ਰਲੇਵੇਂ ਦੀ ਬਜਾਏ ਲੋਕ ਸਭਾ ਚੋਣਾਂ ਦੌਰਾਨ ਗੱਠਜੋੜ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਪੁਰਾਣੇ ਚੋਣ ਚਿੰਨ੍ਹ ਲੈਟਰ ਬਾਕਸ ’ਤੇ ਹੀ ਚੋਣ ਲੜਨ ਦੀ ਜ਼ਿੱਦ ਕੀਤੀ ਜਾ ਰਹੀ ਹੈ। ਜਿਸ ਚਿੰਨ੍ਹ ’ਤੇ ਚੋਣ ਲੜ ਕੇ ਉਹ ਨਗਰ ਨਿਗਮ, ਵਿਧਾਨ ਸਭਾ ਚੋਣ ਜਿੱਤਣ ਤੋਂ ਇਲਾਵਾ ਲੋਕ ਸਭਾ ਚੋਣਾਂ ਦੌਰਾਨ ਦੋ ਵਾਰ ਭਾਰੀ ਵੋਟਾਂ ਹਾਸਲ ਕਰ ਚੁੱਕੇ ਹਨ।

ਭਾਵੇਂ ਲੁਧਿਆਣਾ ਦੇ ਕਾਂਗਰਸੀਆਂ ਨੇ ਕਿਸੇ ਲੋਕਲ ਲੀਡਰ ਨੂੰ ਟਿਕਟ ਦੇਣ ਦੀ ਮੰਗ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਨੇ ਇਹ ਕਹਿ ਕੇ ਮੁਨੀਸ਼ ਤਿਵਾੜੀ ਦਾ ਬਦਲ ਹੁਣ ਵੀ ਖੁੱਲ੍ਹਾ ਰੱਖਿਆ ਹੈ ਕਿ ਭਾਵੇਂ ਕਿਸੇ ਵੀ ਕਾਂਗਰਸੀ ਨੂੰ ਟਿਕਟ ਦੇ ਦਿੱਤੀ ਜਾਵੇ ਉਹ ਮਦਦ ਕਰਨ ਲਈ ਤਿਆਰ ਹਨ। ਇਨ੍ਹਾਂ ’ਚ ਮੁਨੀਸ਼ ਤਿਵਾੜੀ ਦਾ ਨਾਂ ਸਭ ਤੋਂ ਉੱਪਰ ਹੈ, ਜੋ ਇਕ ਵਾਰ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਸਮੇਤ ਇਕ ਵਾਰ ਜਿੱਤ ਕੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਕਾਂਗਰਸ ਵੱਲੋਂ ਪਹਿਲਾਂ ਹੀ ਲੁਧਿਆਣਾ ਤੋਂ ਟਿਕਟ ਦੇਣ ਲਈ ਬਿੱਟੂ ਨਾਲ ਅਨੰਦਪੁਰ ਸਾਹਿਬ ਤੋਂ ਮੌਜੂਦਾ ਐੱਮ. ਪੀ. ਮਨੀਸ਼ ਤਿਵਾੜੀ ਦਾ ਨਾਂ ਪੈਨਲ ’ਚ ਸ਼ਾਮਲ ਕਰ ਕੇ ਭੇਜਿਆ ਗਿਆ ਸੀ।

Add a Comment

Your email address will not be published. Required fields are marked *