ਹਿਮਾਚਲ ‘ਚ ਪ੍ਰਤਿਭਾ ਸਿੰਘ ਦੀ ਅਗਵਾਈ ‘ਚ ਚੋਣ ਲੜ ਰਹੀ ਹੈ ਕਾਂਗਰਸ : CM ਸੁੱਖੂ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਤਿਭਾ ਸਿੰਘ ਕਾਂਗਰਸ ਦੀ ਸੂਬਾ ਇਕਾਈ ਦੀ ਪ੍ਰਧਾਨ ਹੈ ਅਤੇ ਪਾਰਟੀ ਇੱਥੇ ਉਨ੍ਹਾਂ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਲੜ ਰਹੀ ਹੈ। ਮੰਡੀ ਤੋਂ ਸੰਸਦ ਮੈਂਬਰ ਪ੍ਰਤਿਭਾ ਸਿੰਘ ਨੇ ਮੰਗ ਕੀਤੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਪਾਰਟੀ ਵਰਕਰਾਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ। ਪ੍ਰਤਿਭਾ ਸਿੰਘ ਨੇ ਪਾਰਟੀ ਵਰਕਰਾਂ ਦੇ ਹੌਂਸਲੇ ਟੁੱਟਣ ਦਾ ਦਾਅਵਾ ਕਰਦਿਆਂ ਲੋਕ ਸਭਾ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿਚ ਉਹ ਆਪਣੇ ਰੁਖ ਨੂੰ ਲੈ ਕੇ ਨਰਮ ਪੈ ਗਈ ਅਤੇ ਕਿਹਾ ਕਿ ਉਹ ਹਾਈਕਮਾਂਡ ਦੀਆਂ ਹਦਾਇਤਾਂ ਦੀ ਪਾਲਣਾ ਕਰੇਗੀ। ਸੁੱਖੂ ਨੇ ਕਾਂਗੜਾ ਵਿਚ ਪੱਤਰਕਾਰਾਂ ਨੂੰ ਕਿਹਾ,“ਪ੍ਰਤਿਭਾ ਸਿੰਘ ਸਾਡੀ ਸੂਬਾ ਪ੍ਰਧਾਨ ਹੈ ਅਤੇ ਅਸੀਂ ਉਨ੍ਹਾਂ ਦੀ ਅਗਵਾਈ ਵਿਚ ਚੋਣ ਲੜ ਰਹੇ ਹਾਂ। ਪਿਛਲੇ 15 ਮਹੀਨਿਆਂ ਵਿਚ ਕਾਂਗਰਸ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਵਿੱਤੀ ਅਤੇ ਸਿਆਸੀ ਚੁਣੌਤੀਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ। ਸੁੱਖੂ ਨੇ ਬਰਖ਼ਾਸਤ ਵਿਧਾਇਕ ਸੁਧੀਰ ਸ਼ਰਮਾ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਬਾਰੇ ਪੁੱਛੇ ਜਾਣ ‘ਤੇ ਕਿਹਾ,”ਸਾਡੇ ਕੋਲ ਇਸ ਗੱਲ ਦੇ ਤੱਥ ਹਨ ਕਿ ਬਾਗੀ ਵਿਧਾਇਕਾਂ ਨੇ ਆਪਣੀ ਆਤਮਾ ਵੇਚ ਦਿੱਤੀ ਹੈ।”

ਕਾਂਗਰਸ ਤੋਂ ਬਰਖ਼ਾਸਤ ਸੁਧੀਰ ਸ਼ਰਮਾ ਹੁਣ ਵਿਧਾਨ ਸਭਾ ਜ਼ਿਮਨੀ ਚੋਣ ‘ਚ ਧਰਮਸ਼ਾਲਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਨ। ਮੁੱਖ ਮੰਤਰੀ ਨੇ ਕਿਹਾ,”ਬਿਕਾਊ ਵਿਧਾਇਕ ਚਲੇ ਗਏ ਹਨ, ਜਿਨ੍ਹਾਂ ਦੇ ਸਰਗਨਾ ਕਾਂਗੜਾ ਜ਼ਿਲ੍ਹੇ ਤੋਂ ਹਨ, ਹੋ ਸਕਦਾ ਹੈ ਕਿ ਉਨ੍ਹਾਂ ਨੂੰ 15 ਕਰੋੜ ਰੁਪਏ ਤੋਂ ਵੱਧ ਮਿਲੇ ਹੋਣਗੇ। ਹੁਣ ਕੋਈ ਹੋਰ ਵਿਧਾਇਕ ਬਿਕਾਊ ਨਹੀਂ ਹੈ। ਦੇਵਭੂਮੀ ਹਿਮਾਚਲ ਪ੍ਰਦੇਸ਼ ਦੀ ਸੰਸਕ੍ਰਿਤੀ ਅਤੇ ਕਾਂਗਰਸ ਦੀ ਵਿਚਾਰਧਾਰਾ ‘ਚ ਭਰੋਸਾ ਰੱਖਣ ਵਾਲੇ ਵਿਧਾਇਕ ਸਾਡੇ ਨਾਲ ਹਨ।” ਸੁੱਖੂ ਨੇ ਇਹ ਵੀ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਸਰਕਾਰ ਸਥਿਰ ਹੈ। ਮੁੱਖ ਮੰਤਰੀ ਨੇ ਕਿਹਾ,”ਜੋ ਵਿਧਾਇਕ ਬਿਕਾਊ ਸਨ, ਉਹ ਚਲੇ ਗਏ ਹਨ ਅਤੇ ਸਾਡੇ ਕੋਲ ਇਸ ਨੂੰ ਸਾਬਿਤ ਕਰਨ ਲਈ ਤੱਥ ਹਨ, ਜਿਨ੍ਹਾਂ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਜਾਵੇਗਾ।” ਸੁੱਖੂ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਕਾਂਗਰਸ ਦੀ ਵਿਧਾਨ ਸਭਾ ਚੋਣ ਗਾਰੰਟੀ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨੇ ਦਾ ਭੱਤਾ ਦੇਣ ਲਈ ਫਾਰਮ ਭਰੇ ਜਾ ਰਹੇ ਹਨ ਅਤੇ ਹਿਮਾਚਲ ਪ੍ਰਦੇਸ਼ ਦੁੱਧ ਲਈ ਘੱਟੋ-ਘੱਟ ਸਮਰਥਨ ਮੁੱਲ ਦੇਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

Add a Comment

Your email address will not be published. Required fields are marked *