ਭਾਰਤੀ ਟੀਮ ਦੂਜੇ ਹਾਕੀ ਟੈਸਟ ’ਚ ਵੀ ਹਾਰੀ, ਲੜੀ ’ਚ 0-2 ਨਾਲ ਪਿਛੜੀ

ਪਰਥ–ਭਾਰਤੀ ਪੁਰਸ਼ ਹਾਕੀ ਟੀਮ ਪਿਛਲੇ ਮੈਚ ਦੀ ਤੁਲਨਾ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਐਤਵਾਰ ਨੂੰ ਇੱਥੇ 5 ਮੈਚਾਂ ਦੀ ਲੜੀ ਦੇ ਦੂਜੇ ਟੈਸਟ ਵਿਚ ਆਸਟ੍ਰੇਲੀਆ ਹੱਥੋਂ 2-4 ਨਾਲ ਹਾਰ ਗਈ। ਭਾਰਤ ਨੂੰ ਸ਼ਨੀਵਾਰ ਨੂੰ ਪਹਿਲੇ ਟੈਸਟ ਵਿਚ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਹਿਮਾਨ ਟੀਮ ਨੇ ਮੈਚ ਦੇ ਪਹਿਲੇ ਤੇ ਦੂਜੇ ਕੁਆਰਟਰ ਵਿਚ ਨਾ ਸਿਰਫ ਮਜ਼ਬੂਤ ਵਿਰੋਧੀ ਟੀਮ ਵਿਰੁੱਧ ਬਰਾਬਰੀ ਦੀ ਖੇਡ ਦਿਖਾਈ, ਸਗੋਂ ਪਹਿਲੇ ਹਾਫ ਤਕ ਭਾਰਤੀ ਟੀਮ 2-1 ਨਾਲ ਵੀ ਅੱਗੇ ਚੱਲ ਰਹੀ ਸੀ ਪਰ ਤੀਜੇ ਕੁਆਰਟਰ ਵਿਚ ਖਰਾਬ ਡਿਫੈਂਡਿੰਗ ਦਾ ਖਾਮਿਆਜਾ ਉਸ ਨੂੰ ਭੁਗਤਣਾ ਪਿਆ ਕਿਉਂਕਿ ਮੇਜ਼ਬਾਨ ਟੀਮ ਨੇ 3 ਗੋਲ ਕਰਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਆਸਟ੍ਰੇਲੀਆ ਲਈ ਜੇਰੇਮੀ ਹੇਵਰਡ (6ਵੇਂ ਤੇ 34ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਜਦਕਿ ਜੈਕਬ ਡਰਸਨ (43ਵੇਂ ਮਿੰਟ) ਤੇ ਨਾਥਨ ਐਫ੍ਰਾਮਸ (45ਵੇਂ ਮਿੰਟ) ਨੇ ਮੈਦਾਨੀ ਗੋਲ ਕੀਤਾ। ਭਾਰਤ ਲਈ ਰਿਤੂਰਾਜ ਸਿੰਘ (9ਵੇਂ ਮਿੰਟ) ਤੇ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਆਯੋਜਿਤ ਕੀਤੀ ਜਾ ਰਹੀ ਇਸ ਲੜੀ ਦਾ ਤੀਜਾ ਟੈਸਟ 10 ਅਪ੍ਰੈਲ ਨੂੰ ਖੇਡਿਆ ਜਾਵੇਗਾ।

Add a Comment

Your email address will not be published. Required fields are marked *