ਆਸਟ੍ਰੇਲੀਆ ਖ਼ਿਲਾਫ਼ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ

ਨਾਗਪੁਰ – ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ’ਚ 0-1 ਨਾਲ ਪਛੜਨ ਤੋਂ ਬਾਅਦ ਸ਼ੁੱਕਰਵਾਰ ਨੂੰ ਦੂਜੇ ਟੀ-20 ’ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਡੈੱਥ ਓਵਰਾਂ ’ਚ ਆਪਣੀ ਗੇਂਦਬਾਜ਼ੀ ’ਚ ਸੁਧਾਰ ਕਰਨਾ ਚਾਹੇਗਾ। ਭਾਰਤ ਪਹਿਲੇ ਮੈਚ ’ਚ 209 ਦੌੜਾਂ ਦੇ ਵੱਡੇ ਟੀਚੇ ਦਾ ਬਚਾਅ ਨਹੀਂ ਕਰ ਸਕਿਆ ਤੇ 4 ਵਿਕਟਾਂ ਨਾਲ ਹਾਰ ਗਿਆ। ਆਸਟ੍ਰੇਲੀਆ ਤੋਂ ਪਹਿਲਾਂ ਪਾਕਿਸਤਾਨ ਤੇ ਸ਼੍ਰੀਲੰਕਾ ਵੀ ਭੁਵਨੇਸ਼ਵਰ ਕੁਮਾਰ ਦੇ 19ਵੇਂ ਓਵਰ ’ਚ ਜੰਮ ਕੇ ਦੌੜਾਂ ਬਟੋਰ ਚੁੱਕੇ ਹਨ, ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।

ਗੇਂਦਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਬੁਮਰਾਹ ਦੇ ਦੂਜੇ ਮੈਚ ’ਚ ਖੇਡਣ ਦੀ ਸੰਭਾਵਨਾ ਜ਼ਿਆਦਾ ਹੈ, ਹਾਲਾਂਕਿ ਉਨ੍ਹਾਂ ਦੀ ਸਿਹਤ ’ਤੇ ਅਜੇ ਵੀ ਸ਼ੱਕ ਹੈ। ਬੁਮਰਾਹ ਪਿੱਠ ਦੀ ਸੱਟ ਕਾਰਨ ਇੰਗਲੈਂਡ ਦੌਰੇ ਦੀ ਸਮਾਪਤੀ ਤੋਂ ਬਾਅਦ ਹੀ ਖੇਡ ਤੋਂ ਬਾਹਰ ਹਨ। ਲਗਾਤਾਰ ਮਹਿੰਗੇ ਸਾਬਤ ਹੋ ਰਹੇ ਯੁਜਵੇਂਦਰ ਚਾਹਲ ਦੀ ਗੇਂਦਬਾਜ਼ੀ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ, ਜਿਵੇਂ ਕਿ ਉਨ੍ਹਾਂ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਦੀ ਆਪਣੀ ਸਮਰੱਥਾ ਹੀ ਗੁਆ ਦਿੱਤੀ ਹੈ। ਜ਼ਖਮੀ ਰਵਿੰਦਰ ਜਡੇਜਾ ਦੀ ਜਗ੍ਹਾ ਟੀਮ ’ਚ ਆਏ ਅਕਸ਼ਰ ਪਟੇਲ ਨੇ ਹਾਲਾਂਕਿ ਮੋਹਾਲੀ ’ਚ 17 ਦੌੜਾਂ ਦੇ ਕੇ 3 ਵਿਕਟਾਂ ਲੈ ਕੇ ਆਪਣੀ ਕਾਬਲੀਅਤ ਸਾਬਿਤ ਕਰ ਦਿੱਤੀ ਹੈ। ਬੱਲੇਬਾਜ਼ੀ ’ਚ ਰੋਹਿਤ ਤੇ ਵਿਰਾਟ ਕੋਹਲੀ ਪਿਛਲੇ ਮੈਚ ’ਚ ਹੋਈਆਂ ਗਲਤੀਆਂ ਨੂੰ ਸੁਧਾਰਨਾ ਚਾਹੁਣਗੇ। ਲੋਕੇਸ਼ ਰਾਹੁਲ, ਸੂਰਿਆਕੁਮਾਰ ਯਾਦਵ ਤੇ ਹਾਰਦਿਕ ਪੰਡਯਾ ਆਪਣੀ ਧਮਾਕੇਦਾਰ ਫਾਰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਵਿਸ਼ਵ ਕੱਪ ਨੇੜੇ ਆਉਣ ਕਾਰਨ ਟੀਮ ਪ੍ਰਬੰਧਨ ਦਿਨੇਸ਼ ਕਾਰਤਿਕ ਜਾਂ ਰਿਸ਼ਭ ਪੰਤ ਨੂੰ ਪਰਖ ਕਰ ਸਕਦਾ ਹੈ। ਕਾਰਤਿਕ ਨੂੰ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਤੇ ਜੇਕਰ ਸ਼ੁੱਕਰਵਾਰ ਨੂੰ ਉਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣਾ ਲੋਹਾ ਮਨਵਾਉਣਾ ਚਾਹੁਣਗੇ। ਸਿਰਫ ਭਾਰਤੀ ਹੀ ਨਹੀਂ ਆਸਟ੍ਰੇਲੀਆ ਦੀ ਗੇਂਦਬਾਜ਼ੀ ਦੀ ਸਥਿਤੀ ਵੀ ਚਿੰਤਾਜਨਕ ਰਹੀ ਹੈ। ਨਾਥਨ ਐਲਿਸ ਤੋਂ ਇਲਾਵਾ ਸਾਰੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 7 ਤੋਂ ਵੱਧ ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ।

ਕੈਮਰਨ ਗ੍ਰੀਨ ਤੇ ਪੈਟ ਕਮਿੰਸ ਨੇ ਮੋਹਾਲੀ ’ਚ ਆਖਰੀ 5 ਓਵਰਾਂ ‘ਚ 67 ਦੌੜਾਂ ਦਿੱਤੀਆਂ। ਬੱਲੇਬਾਜ਼ੀ ’ਚ ਹਾਲਾਂਕਿ ਡੇਵਿਡ ਵਾਰਨਰ, ਮਿਸ਼ੇਲ ਮਾਰਸ਼ ਤੇ ਮਾਰਕਸ ਸਟੋਇਨਿਸ ਦੀ ਗੈਰ-ਮੌਜੂਦਗੀ ’ਚ ਵੀ ਆਸਟ੍ਰੇਲੀਆ ਕਾਫੀ ਮਜ਼ਬੂਤ ਦਿਸ ਰਿਹਾ ਸੀ। ਆਲਰਾਊਂਡਰ ਕੈਮਰੂਨ ਗ੍ਰੀਨ ਨੇ ਆਪਣੇ ਦੂਜੇ ਟੀ-20 ’ਚ ਹੀ ਵਾਰਨਰ ਦੀ ਕਮੀ ਨੂੰ ਪੂਰਾ ਕੀਤਾ ਤੇ ਓਪਨਿੰਗ ਕਰਦਿਆਂ ਧਮਾਕੇਦਾਰ ਅਰਧ ਸੈਂਕੜਾ ਜੜਿਆ। ਮੈਥਿਊ ਵੇਡ ਨੇ ਅੰਤ ’ਚ ਆਸਟ੍ਰੇਲੀਆ ਦੀ ਪਾਰੀ ਨੂੰ ਸੰਭਾਲਿਆ ਤੇ 21 ਗੇਂਦਾਂ ’ਤੇ ਅਜੇਤੂ 45 ਦੌੜਾਂ ਮੈਚ ਜਿਤਾਊ ਪਾਰੀ ਖੇਡੀ। ਤਜਰਬੇਕਾਰ ਆਰੋਨ ਫਿੰਚ ਤੇ ਗਲੇਨ ਮੈਕਸਵੈੱਲ ਦੀ ਮੌਜੂਦਗੀ ਆਸਟ੍ਰੇਲੀਆ ਨੂੰ ਹੋਰ ਵੀ ਖਤਰਨਾਕ ਬਣਾ ਦਿੰਦੀ ਹੈ। ਮੋਹਾਲੀ ’ਚ ਭਾਰਤ ਤੇ ਆਸਟ੍ਰੇਲੀਆ ਨੇ ਕੁੱਲ 400 ਤੋਂ ਵੱਧ ਦੌੜਾਂ ਬਣਾਈਆਂ ਸਨ ਪਰ ਵਿਦਰਭ ਕ੍ਰਿਕਟ ਐਸੋਸੀਏਸ਼ਨ ਦੀ ਪਿੱਚ ਹੌਲੀ ਲੱਗ ਰਹੀ ਹੈ। ਬੁਮਰਾਹ ਦੀ ਅਗਵਾਈ ’ਚ ਭਾਰਤੀ ਗੇਂਦਬਾਜ਼ੀ ਹਮਲਾ ਇਸ ਦਾ ਇਸਤੇਮਾਲ ਆਪਣੇ ਫਾਇਦੇ ਲਈ ਕਰਨਾ ਚਾਹੇਗਾ। ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ ’ਚ ਭਾਰਤੀ ਥਿੰਕ ਟੈਂਕ ਰਵੀਚੰਦਰਨ ਅਸ਼ਵਿਨ ਨੂੰ ਗੇਂਦਬਾਜ਼ਾਂ ਦੇ ਅਨੁਕੂਲ ਟ੍ਰੈਕ ’ਤੇ ਅਜ਼ਮਾ ਸਕਦਾ ਹੈ। ਹਰਸ਼ਲ ਪਟੇਲ ਸ਼ੁੱਕਰਵਾਰ ਦੇ ਮੁਕਾਬਲੇ ’ਚ ਖਾਸ ਯੋਗਦਾਨ ਦੇ ਸਕਦਾ ਹੈ।

Add a Comment

Your email address will not be published. Required fields are marked *