ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ ਡਾ. ਧਰਮਵੀਰ ਗਾਂਧੀ ਦੀ ਐਂਟਰੀ

ਪਟਿਆਲਾ – ਪਟਿਆਲਾ ਲੋਕ ਸਭਾ ਹਲਕੇ ’ਚ ਡਾ. ਧਰਮਵੀਰ ਗਾਂਧੀ ਦੀ ਐਂਟਰੀ ਕਾਂਗਰਸ ਪਾਰਟੀ ਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਜਿਥੇ ਇਕ ਪਾਸੇ ਦਿੱਲੀ ’ਚ ਡਾ. ਗਾਂਧੀ ਨੂੰ ਕਾਂਗਰਸ ’ਚ ਸ਼ਾਮਲ ਕੀਤਾ ਜਾ ਰਿਹਾ ਸੀ, ਉੱਥੇ ਦੂਸਰੇ ਪਾਸੇ ਪਟਿਆਲਾ ਜ਼ਿਲ੍ਹੇ ’ਚ 5 ਵਿਧਾਨ ਸਭਾ ਹਲਕਾ ਇੰਚਾਰਜਾਂ ਨੇ ਮੀਟਿੰਗ ਕਰ ਕੇ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਟਕਸਾਲੀ ਕਾਂਗਰਸੀਆਂ ਨੂੰ ਬਚਾਉਣ ਲਈ ਪਟਿਆਲਾ ਤੋਂ ਕਿਸੇ ਟਕਸਾਲੀ ਕਾਂਗਰਸੀ ਨੂੰ ਟਿਕਟ ਦੇਣ। ਇਸ ਤੋਂ ਪਹਿਲਾਂ ਵੀ ਡਾ. ਗਾਂਧੀ ਖ਼ਿਲਾਫ਼ ਅੱਗ ਸੁਲਗਦੀ ਰਹੀ ਹੈ। ਡਾ. ਗਾਂਧੀ ਦੀ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਉਹ ਸਿਰਫ ‘ਵਨ ਮੈਨ ਆਰਮੀ’ ਹਨ। ਇਸ ਵੇਲੇ ਕਾਂਗਰਸ ਨੂੰ ਚੋਣ ਲੜਨ ਲਈ ਵੱਡੇ ਕੈਡਰ ਦੀ ਲੋੜ ਹੈ।

ਅੱਜ ਇੱਥੇ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਕਾਂਗਰਸ ਪਾਰਟੀ ਦਾ ਗੜ ਰਹੇ 5 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਵੱਲੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਇਲਾਵਾ ਹਲਕਾ ਸਮਾਣਾ ਤੋਂ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ, ਹਲਕਾ ਸ਼ੁੱਤਰਾਣਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਬਾਰਾ ਸਿੰਘ ਅਤੇ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਮੀਟਿੰਗ ਉਪਰੰਤ ਉਕਤ 5 ਹਲਕਿਆਂ ਦੇ ਇੰਚਾਰਜਾਂ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਸਮੂਹ ਵਿਧਾਨ ਸਭਾ ਹਲਕਾ ਇੰਚਾਰਜ ਰਲ ਕੇ ਰਹਿਣ ਤਾਂ ਜੋ ਕਾਂਗਰਸ ਹਾਈਕਮਾਂਡ ਵੱਲੋਂ ਕਿਸੇ ਇਕ ਲੋਕਲ ਟਕਸਾਲੀ ਕਾਂਗਰਸੀ ਨੂੰ ਪਾਰਟੀ ਦੀ ਟਿਕਟ ਦੇ ਕੇ ਜਿੱਤ ਯਕੀਨੀ ਬਣਾਈ ਜਾ ਸਕੇ ਪਰ ਹੁਣ ਸੁਣਨ ’ਚ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦੇਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਲੋਕਲ ਟਕਸਾਲੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਨੂੰ ਲੋਕ ਸਭਾ ਹਲਕਾ ਪਟਿਆਲਾ ’ਚ ਜਿਉਂਦਾ ਰੱਖਣ ਲਈ ਦਿਨ-ਰਾਤ ਮਿਹਨਤ ਕੀਤੀ ਹੋਵੇ, ਪਾਰਟੀ ਵੱਲੋਂ ਅਜਿਹੇ ਮਿਹਨਤੀ ਵਰਕਰਾਂ ਨੂੰ ਅੱਖੋਂ-ਪਰੋਖੇ ਕਰ ਕੇ ਕਿਸੇ ਬਾਹਰੀ ਉਮੀਦਵਾਰ ’ਤੇ ਭਰੋਸਾ ਜਤਾਉਣਾ ਠੀਕ ਨਹੀਂ। ਅਸੀਂ ਹਾਈਕਮਾਂਡ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਲੋਕਲ ਟਕਸਾਲੀ ਕਾਂਗਰਸੀ ਨੂੰ ਹੀ ਲੋਕ ਸਭਾ ਹਲਕਾ ਪਟਿਆਲਾ ਤੋਂ ਟਿਕਟ ਦੇ ਕੇ ਨਿਵਾਜਿਆ ਜਾਵੇ।

ਉਕਤ ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਭਰੋਸਾ ਦਵਾਇਆ ਕਿ ਜੇਕਰ ਹਾਈਕਮਾਂਡ ਕਿਸੇ ਲੋਕਲ ਟਕਸਾਲੀ ਕਾਂਗਰਸੀ ਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨਦੀ ਹੈ ਤਾਂ ਉਹ ਇਹ ਸੀਟ ਵੱਡੀ ਲੀਡ ਨਾਲ ਜਿੱਤਾ ਕੇ ਕਾਂਗਰਸ ਪਾਰਟੀ ਦੀ ਝੋਲੀ ’ਚ ਪਾਉਣਗੇ। ਪੰਜ ਹਲਕਾ ਇੰਚਾਰਜਾਂ ਨੇ ਹਾਈਕਮਾਂਡ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਟਕਸਾਲੀ ਕਾਂਗਰਸੀਆਂ ਨੂੰ ਟਿਕਟ ਦੇਣ। ਇਸ ਦਾ ਸਪੱਸ਼ਟ ਮਤਲਬ ਹੈ ਕਿ ਜੇਕਰ ਹਾਈਕਮਾਂਡ ਨੇ ਡਾ. ਗਾਂਧੀ ਨੂੰ ਟਿਕਟ ਦਿੱਤੀ ਤਾਂ ਉਸ ਦਾ ਤਿੱਖਾ ਵਿਰੋਧ ਹੋ ਸਕਦਾ ਹੈ।

ਦੂਸਰੇ ਪਾਸੇ ਆਮ ਆਦਮੀ ਪਾਰਟੀ ਪਹਿਲਾਂ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮੈਦਾਨ ’ਚ ਉਤਾਰ ਚੁਕੀ ਹੈ ਅਤੇ ਭਾਜਪਾ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਮੈਦਾਨ ’ਚ ਉਤਾਰਿਆ ਜਾ ਚੁੱਕਾ ਹੈ, ਜਿਸ ਕਾਰਨ ਜੇਕਰ ਇਸ ਕਾਂਗਰਸ ਦੀ ਸੁਲਗਦੀ ਅੱਗ ਨੂੰ ਨਾ ਸੰਭਾਲਿਆ ਗਿਆ ਤਾਂ ਕਾਂਗਰਸ ਇਹ ਜਿੱਤੀ ਹੋਈ ਬਾਜ਼ੀ ਹਾਰ ਸਕਦੀ ਹੈ। ਹੁਣ ਸਮਾਂ ਹੀ ਦੱਸੇਗਾ ਕਿ ਹਾਈਕਮਾਂਡ ਹਲਕਾ ਇੰਚਾਰਜਾਂ ਦੀ ਕਿੰਨੀ ਕੁ ਸੁਣਵਾਈ ਕਰਦੀ ਹੈ।

Add a Comment

Your email address will not be published. Required fields are marked *