ਲੁਧਿਆਣਾ ‘ਚ ਬਿੱਟੂ ਤੇ ਆਸ਼ੂ ਹੋ ਸਕਦੇ ਨੇ ਆਹਮੋ-ਸਾਹਮਣੇ

ਲੁਧਿਆਣਾ – ਲੁਧਿਆਣਾ ਲੋਕ ਸਭਾ ਹਲਕੇ ਤੋਂ ਮੌਜੂਦਾ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਨੂੰ ਦਿਨੇ ਦਿਖਾਏ ਭੱਬੂ ਕਾਰਨ ਕਾਂਗਰਸ ਨੂੰ ਅਲਵਿਦਾ ਆਖਣ ’ਤੇ ਹੁਣ ਇਸ ਸੀਟ ’ਤੇ ਕਾਂਗਰਸ ਵੱਲੋਂ ਅੰਦਰੂਨੀ ਤੌਰ ’ਤੇ ਜੋ ਦੋ ਦਿਨਾਂ ਤੋਂ ਸਰਵੇ ਚੱਲ ਰਿਹਾ ਹੈ, ਉਸ ਦੀ ਰਿਪੋਰਟ ਦੀ ਹੁਣ ਚਰਚਾ ਕਾਂਗਰਸੀ ਹਲਕਿਆਂ ਵਿਚ ਹੋਣੀ ਸ਼ੁਰੂ ਹੋ ਗਈ ਹੈ। ਉਸ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਬੋਲ ਰਿਹਾ ਹੈ, ਜਦ ਕਿ ਸਰਵੇ ਕਰਨ ਵਾਲੀਆਂ ਟੀਮਾਂ ਨੇ ਮੁਨੀਸ਼ ਤਿਵਾੜੀ, ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਆਦਿ ਦਾ ਨਾਂ ਵੋਟਰਾਂ ਤੋਂ ਪੁੱਛਿਆ ਤਾਂ ਸਭ ਤੋਂ ਵੱਧ ਨਾਂ ਆਸ਼ੂ ਦਾ ਆਉਣ ਦੀਆਂ ਖ਼ਬਰਾਂ ਸਾਹਮਣੇ ਆਉਣ ’ਤੇ ਹੁਣ ਇੰਝ ਲੱਗ ਰਿਹਾ ਹੈ ਕਿ ਕਾਂਗਰਸ ਕਿਸੇ ਸਥਾਨਕ ਨੇਤਾ ’ਤੇ ਪੱਤਾ ਖੇਡੇਗੀ ਜੋ ਆਸ਼ੂ ਵੀ ਹੋ ਸਕਦਾ ਹੈ।

ਇਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਸੀਟ ਸਬੰਧੀ ਦੋ ਦਿਨ ਪਹਿਲਾਂ ਕਾਂਗਰਸ ਵਿਚ ਮੁੜ ਸ਼ਾਮਲ ਹੋਏ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਦੇ ਨਾਂ ਦੀ ਚਰਚਾ ਵੀ ਸਾਹਮਣੇ ਆਈ ਹੈ ਕਿਉਂਕਿ ਉਹ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਦੋ ਵਾਰ ਲੁਧਿਆਣਾ ਦਿਹਾਤੀ ਤੋਂ ਵਿਧਾਇਕ ਬਣੇ ਕੇ ਮੰਤਰੀ ਵੀ ਰਹਿ ਚੁੱਕੇ ਹਨ। ਅੱਜਕਲ੍ਹ ਇਹ ਹਲਕਾ ਤਿੰਨ ਹਲਕਿਆਂ ਵਿਚ ਬਦਲ ਗਿਆ ਹੈ ਜਿਵੇਂ ਕਿ ਦੱਖਣੀ, ਪੂਰਬੀ ਅਤੇ ਆਤਮ ਨਗਰ, ਜਦ ਕਿ ਅੱਧ ਦੇ ਕਰੀਬ ਹਲਕਾ ਗਿੱਲ ਹਲਕੇ ਨਾਲ ਜਾ ਰਲਿਆ ਹੈ। ਬਾਕੀ ਬੀਰਮੀ ਦਾ ਹਲਕਾ ਦਾਖੇ ’ਚ ਜੱਦੀ ਪਿੰਡ ਪੈਣਾ ਅਤੇ ਜਗਰਾਓਂ ਅਤੇ ਦਾਖਾ ਹਲਕੇ ਵਿਚ ਉਨ੍ਹਾਂ ਦੀ ਕਾਂਗਰਸੀਆਂ ਨਾਲ ਪੁਰਾਣੀ ਸਾਂਝ ਕਿਸੇ ਤੋਂ ਲੁਕੀ ਨਹੀਂ। ਉਹ ਵੀ ਟਿਕਟ ਦੀ ਦੌੜ ਵਿਚ ਸ਼ਾਮਲ ਦੱਸੇ ਜਾ ਰਹੇ ਹਨ।

Add a Comment

Your email address will not be published. Required fields are marked *