ਨਿਆਗਰਾ ਫਾਲਜ਼ ਦੇ ਖੇਤਰ ‘ਚ ਐਮਰਜੈਂਸੀ ਦਾ ਐਲਾਨ

8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਕੈਨੇਡਾ ਦੇ ਓਂਟਾਰੀਓ ਸੂਬੇ ਦੇ ਨਿਆਗਰਾ ਫਾਲਜ਼ ਅਤੇ ਆਸਪਾਸ ਦੇ ਖੇਤਰਾਂ ਵਿੱਚ ਇਸ ਸੂਰਜ ਗ੍ਰਹਿਣ ਨੂੰ ਦੇਖਣ ਲਈ ਲਗਭਗ 10 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਅਜਿਹੇ ‘ਚ ਹੋਟਲਾਂ ‘ਚ ਕਮਰਿਆਂ ਦੀ ਬੁਕਿੰਗ ਵੀ ਵੱਧ ਗਈ ਹੈ। ਉਥੇ ਹੀ ਨਿਆਗਰਾ ਖੇਤਰ ਦੇ ਅਧਿਕਾਰੀਆਂ ਨੇ ਸੂਰਜ ਗ੍ਰਹਿਣ ਤੋਂ ਪਹਿਲਾਂ ਆਪਣੇ ਖੇਤਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਵੀ ਸੂਰਜ ਗ੍ਰਹਿਣ ਦੇ ਹਵਾਈ ਆਵਾਜਾਈ ਅਤੇ ਹਵਾਈ ਅੱਡਿਆਂ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ ਹੈ। 

ਨਿਆਗਰਾ ਦੇ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਦਿਨ ਵੱਡੀ ਗਿਣਤੀ ਵਿਚ ਲੋਕ ਇਸ ਦੁਰਲੱਭ ਦ੍ਰਿਸ਼ ਨੂੰ ਦੇਖਣ ਲਈ ਪਹੁੰਚਣਗੇ। ਅਜਿਹੇ ‘ਚ ਇਸ ਮਹੱਤਵਪੂਰਨ ਦਿਨ ‘ਤੇ ਸੁਰੱਖਿਆ ਯਕੀਨੀ ਬਣਾਉਣ ਲਈ ਐਮਰਜੈਂਸੀ ਲਗਾਈ ਗਈ ਹੈ। ਨਿਆਗਰਾ ਖੇਤਰੀ ਚੇਅਰਮੈਨ ਜਿਮ ਬ੍ਰੈਡਲੇ ਨੇ ਇੱਕ ਬਿਆਨ ਵਿੱਚ ਕਿਹਾ, “ਨਿਆਗਰਾ ਖਗੋਲ-ਵਿਗਿਆਨਕ ਵਰਤਾਰੇ ਨੂੰ ਦੇਖਣ ਲਈ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ ਅਤੇ ਇਸ ਖੇਤਰ ਵਿੱਚ ਹਜ਼ਾਰਾਂ ਲੋਕਾਂ ਦੇ ਆਉਣ ਦੀ ਉਮੀਦ ਹੈ।”

ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਲਾਨੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਖੇਤਰ ਦਾ ਦੌਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਸਥਾਨਕ ਸਰਕਾਰਾਂ, ਐਮਰਜੈਂਸੀ ਏਜੰਸੀਆਂ, ਸਕੂਲ ਇਸ ਨੂੰ ਸੰਭਵ ਬਣਾਉਣ ਲਈ ਸੂਬੇ ਅਤੇ ਹੋਰ ਪ੍ਰਮੁੱਖ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

Add a Comment

Your email address will not be published. Required fields are marked *