ਆਂਡੇ ਮਾਰ ਕੇ ਹੋਲੀ ਖੇਡਣ ਵਾਲਿਆਂ ਨੂੰ ਮਹਿੰਗਾ ਪੈ ਸਕਦੈ ਤਿਓਹਾਰ

ਚੰਡੀਗੜ੍ਹ : ਹੋਲੀ ਦੇ ਤਿਓਹਾਰ ’ਤੇ ਜੇਕਰ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਸ ਉਸ ਨੂੰ ਤੁਰੰਤ ਕਾਬੂ ਕਰੇਗੀ। ਜ਼ਿਆਦਾਤਰ ਵਿਦਿਆਰਥੀ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. ਵਿਚ ਆਂਡੇ ਮਾਰ ਕੇ ਹੋਲੀ ਖੇਡਦੇ ਹਨ। ਇਸ ਕਾਰਨ ਚੰਡੀਗੜ੍ਹ ਪੁਲਸ ਵੱਲੋਂ ਸ਼ਹਿਰ ਭਰ ਵਿਚ 102 ਵਿਸ਼ੇਸ਼ ਨਾਕੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਨੇ ਹੋਲੀ ਦੇ ਤਿਉਹਾਰ ਮੌਕੇ ਸੁਰੱਖਿਆ ਲਈ ਸ਼ਹਿਰ ਭਰ ਵਿਚ ਇੱਕ ਹਜ਼ਾਰ ਪੁਲਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਹਨ।

ਇਸ ਤੋਂ ਇਲਾਵਾ ਗਲਤ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਅਤੇ ਛੇੜਛਾੜ ਕਰਨ ਵਾਲਿਆਂ ’ਤੇ ਵੀ ਪੁਲਸ ਤਿੱਖੀ ਨਜ਼ਰ ਰੱਖੇਗੀ। ਸਿਵਲ ਡਰੈੱਸ ਵਿਚ ਮਹਿਲਾ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੀਆਂ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਟਰੈਫਿਕ ਪੁਲਸ ਸੈਕਟਰਾਂ ਵਿਚ ਨਾਕੇ ਲਾਏਗੀ। ਐੱਸ. ਐੱਸ. ਪੀ. ਕੰਵਰਦੀਪ ਕੌਰ ਅਤੇ ਐੱਸ. ਪੀ. ਸਿਟੀ ਮ੍ਰਿਦੁਲ ਦੀ ਹੁੱਲੜਬਾਜ਼ੀ ਅਤੇ ਗੇੜੀ ਰੂਟ ’ਤੇ ਵਿਸ਼ੇਸ਼ ਨਜ਼ਰ ਰਹੇਗੀ।

ਲੀਜ਼ਰ ਵੈਲੀ, ਸੁਖਨਾ ਝੀਲ, ਰੋਜ਼ ਗਾਰਡਨ, ਮਾਰਕੀਟ, ਸੈਕਟਰ, ਕਾਲੋਨੀਆਂ ਅਤੇ ਲੜਕੀਆਂ ਦੇ ਹੋਸਟਲ ਦੇ ਬਾਹਰ ਪੀ. ਸੀ. ਆਰ. ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਲੋਨੀਆਂ ਵਿਚ ਚੀਤਾ ਮੋਟਰਸਾਈਕਲਾਂ ’ਤੇ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਗੇੜੀ ਰੂਟ ’ਤੇ 11/12 ਟੀ-ਪੁਆਇੰਟ ਤੋਂ ਛੋਟਾ ਚੌਂਕ ਸੈਕਟਰ-9/10 ਵਨ-ਵੇਅ ਰਹੇਗਾ। ਸੁਖਨਾ ਝੀਲ, ਏਲਾਂਟੇ ਮਾਲ, ਸੈਕਟਰ-15, 11, 17, 22, 20 ਦੇ ਰੁਝੇਵਿਆਂ ਭਰੇ ਬਾਜ਼ਾਰਾਂ, ਹੋਸਟਲਾਂ ਅਤੇ ਹੋਰ ਅਦਾਰਿਆਂ ਵਿਚ ਵਿਸ਼ੇਸ਼ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਸੜਕਾਂ, ਸਥਾਨਾਂ ਅਤੇ ਲਾਈਟ ਪੁਆਇੰਟਾਂ ਦੇ ਨੇੜੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਲਈ ਨਾਕੇ ਲਗਾਏ ਜਾਣਗੇ। ਕਾਲੋਨੀਆਂ ਅਤੇ ਸਲੱਮ ਏਰੀਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਨਤਕ ਥਾਵਾਂ ’ਤੇ ਛੇੜਛਾੜ, ਗੁੰਡਾਗਰਦੀ ਅਤੇ ਸ਼ਰਾਬ ਪੀਣ ’ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

Add a Comment

Your email address will not be published. Required fields are marked *