ਕੈਨੇਡਾ ਸਰਕਾਰ ਵੱਲੋਂ ਪੋਪ ਫਰਾਂਸਿਸ ਦੀ ਮੁਆਫ਼ੀ ਨਾਮਨਜ਼ੂਰ

ਕਿਊਬਕ ਸਿਟੀ, 28 ਜੁਲਾਈ

ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਆਦਿਵਾਸੀ ਸਕੂਲਾਂ ਵਿੱਚ ਮੂਲਵਾਸੀਆਂ ’ਤੇ ਹੋਏ ਅੱਤਿਆਚਾਰਾਂ ਸਬੰਧੀ ਪੋਪ ਫਰਾਂਸਿਸ ਵੱਲੋਂ ਮੰਗੀ ਗਈ ਮੁਆਫ਼ੀ ਮਨਜ਼ੂਰ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਤੀਤ ਵਿੱਚ ਹੋਏ ਬੁਰੇ ਵਿਹਾਰ ਲਈ ਮੌਜੂਦਾ ਸਮੇਂ ਦੌਰਾਨ ਸੁਲ੍ਹਾ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਸਰਕਾਰ ਦਾ ਇਹ ਪ੍ਰਤੀਕਰਮ ਉਸ ਵੇਲੇ ਆਇਆ ਹੈ ਜਦੋਂ ਪੋਪ ਫਰਾਂਸਿਸ ਕੈਨੇਡਾ ਦੀ ਆਪਣੀ ਹਫ਼ਤਾਵਾਰੀ ਯਾਤਰਾ ਦੇ ਦੂਜੇ ਪੜਾਅ ਦੌਰਾਨ ਕਿਊਬਕ ਸਿਟੀ ਪਹੁੰਚੇ, ਜਿੱਥੇ ਉਨ੍ਹਾਂ ਗਵਰਨਰ ਜਨਰਲ ਮੈਰੀ ਸਾਈਮਨ ਦੇ ਘਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ।

ਪੋਪ ਫਰਾਂਸਿਸ ਨੇ ਕਿਹਾ ਕਿ ਉਹ ਆਦਿਵਾਸੀ ਸਕੂਲਾਂ ਵਿੱਚ ਗਿਰਜਾ ਘਰਾਂ ਦੀ ਭੂਮਿਕਾ ਸਬੰਧੀ ‘ਪਸ਼ਚਾਤਾਪ ਯਾਤਰਾ’ ਉੱਤੇ ਆਏ ਹਨ। ਕੈਨੇਡਾ ਵਿੱਚ ਕਈ ਪੀੜੀਆਂ ਤੱਕ ਆਦਿਵਾਸੀਆਂ ਦੇ ਬੱਚਿਆਂ ਨੂੰ ਜਬਰੀ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਅਤੇ ਸਰਕਾਰ ਵੱਲੋਂ ਫੰਡ ਪ੍ਰਾਪਤ ਬੋਰਡਿੰਗ ਸਕੂਲਾਂ ਵਿੱਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਈਸਾਈ ਧਰਮ ਅਤੇ ਕੈਨੇਡੀਅਨ ਸਮਾਜ ਵਿੱਚ ਸ਼ਾਮਲ ਕੀਤਾ ਜਾ ਸਕੇ। ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਸਰੀਰਕ ਸੋਸ਼ਣ ਅਤੇ ਕੁੱਟਮਾਰ ਆਮ ਗੱਲ ਸੀ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿੱਚ ਗੱਲ ਕਰਨ ’ਤੇ ਕੁੱਟਿਆ ਜਾਂਦਾ ਸੀ। ਪੋਪ ਫਰਾਂਸਿਸ ਨੇ ਸੋਮਵਾਰ ਨੂੰ ਬੀਤੇ ਸਮੇਂ ਦੌਰਾਨ ਗਿਰਜਾ ਘਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਵਿਵਹਾਰ ਲਈ ਮੁਆਫ਼ੀ ਮੰਗੀ ਸੀ। ਕੈਨੇਡਾ ਵਿੱਚ ਜਦੋਂ ਅਜਿਹੇ ਆਦਿਵਾਸੀ ਸਕੂਲਾਂ ਦਾ ਪ੍ਰਬੰਧਨ ਆਖ਼ਰੀ ਦੌਰ ਵਿੱਚ ਸੀ ਤਾਂ ਉਦੋਂ ਟਰੂਡੋ ਦੇ ਪਿਤਾ ਪੀਅਰੇ ਟਰੂਡੋ ਪ੍ਰਧਾਨ ਮੰਤਰੀ ਸਨ। ਜਸਟਿਨ ਟਰੂਡੋ ਨੇ ਕਿਹਾ ਕਿ ਅਤੀਤ ਵਿੱਚ ਹੋਏ ਅੱਤਿਆਚਾਰਾਂ ਲਈ ਕੈਥੋਲਿਕ ਚਰਚ ਨੂੰ ਇੱਕ ਸੰਸਥਾ ਵਜੋਂ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਸੁਲ੍ਹਾ ਲਈ ਹੋਰ ਕੰਮ ਕਰਨ ਦੀ ਲੋੜ ਹੈ।

ਪੋਪ ਫਰਾਂਸਿਸ ਦੇ ਸਾਹਮਣੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ 2015 ਦੇ ਟਰੁੱਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਨੇ ਪੋਪ ਨੂੰ ਸੁਚੇਤ ਕੀਤਾ ਸੀ ਕਿ ਉਹ ਕੈਨੇਡਾ ਦੀ ਧਰਤੀ ’ਤੇ ਆ ਕੇ ਮੁਆਫ਼ੀ ਮੰਗਣ ਪਰ ਇਹ ਸੰਭਵ ਨਹੀਂ ਹੁੰਦਾ ਜੇਕਰ ਮੂਲ ਨਿਵਾਸੀ, ਇਨੂਇਟ ਅਤੇ ਮੇਟਿਸ ਸਮੂਹ ਦੇ ਲੋਕਾਂ ਨੇ ਵੇਟੀਕਨ ਜਾ ਕੇ ਮੁਆਫ਼ੀ ਮੰਗਣ ਲਈ ਦਬਾਅ ਨਾ ਬਣਾਇਆ ਹੁੰਦਾ।

Add a Comment

Your email address will not be published. Required fields are marked *