ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪ੍ਰਵਾਸੀਆਂ ਲਈ ਚੇਤਾਵਨੀ ਕੀਤੀ ਜਾਰੀ
March 23, 2024
ਆਕਲੈਂਡ – ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪ੍ਰਵਾਸੀਆਂ ਨੂੰ ਜੋਬ ਸਕੈਮ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ, ਇਮੀਗ੍ਰੇਸ਼ਨ ਨਿਊਜੀਲੈਂਡ ਦੀ ਸੀਨੀਅਰ ਇਨਵੈਸਟੀਗੇਟਰ ਹੈਲਨ ਗਰਾਤ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਤੁਹਾਨੂੰ ਕੋਈ ਜੋਬ ਆਫਰ ਤੁਹਾਡੇ ਕਿੱਤੇ ਸਬੰਧਤ ਮਿਲ ਰਹੀ ਹੈ ਤਾਂ ਇਹ ਜਾਇਜ ਹੋ ਸਕਦੀ ਹੈ, ਪਰ ਇਸਦੇ ਬਾਵਜੂਦ ਤੁਸੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਹੈਲਨ ਨੇ ਸਾਫ ਕਿਹਾ ਹੈ ਕਿ ਵਟਸਐਪ ਜਾਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਠੱਗੀਆਂ ਨੂੰ ਵਧੇਰੇ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋਬ ਆਫਰ ਜਾਂ ਵੀਜੇ ਬਦਲੇ ਤੁਹਾਨੂੰ ਮੋਟੀ ਰਕਮ ਅਦਾ ਕਰਨ ਵਾਸਤੇ ਕਿਹਾ ਜਾ ਸਕਦਾ ਹੈ। ਇਹ ਪੈਸਾ ਵੀਜਾ ਜਲਦ ਲਗਵਾਉਣ ਲਈ ਮੰਗਿਆ ਜਾ ਸਕਦਾ ਹੈ। ਹੈਲਨ ਦਾ ਕਹਿਣਾ ਹੈ ਕਿ ਜੋਬ ਆਫਰ ਨੂੰ ਪ੍ਰਮਾਣਿਕ ਕਰਨ ਲਈ ਮਾਲਕ ਨਾਲ ਸਿੱਧਾ ਸੰਪਰਕ ਕੀਤਾ ਜਾਏ ਤੇ ਕਿਸੇ ਵੀ ਥਰਡ ਪਾਰਟੀ ਐਜੰਟ ‘ਤੇ ਵਿਸ਼ਵਾਸ਼ ਨਾ ਕੀਤਾ ਜਾਏ।

