ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਬੱਚੇ ਬਾਰੇ ਪੁੱਛੇ ਸਵਾਲਾਂ ‘ਤੇ ‘ਆਪ’ ਦਾ ਪਹਿਲਾ ਬਿਆਨ

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਦਾ ਜਨਮ ਹੋਇਆ ਹੈ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਨੇ 58 ਸਾਲ ਦੀ ਉਮਰ ਵਿਚ IVF ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਮੁਤਾਬਕ Assisted Reproductive Technology (regulation) act 2021 ਦੇ ਸੈਕਸ਼ਨ 21 (ਜੀ) (ਆਈ) ਅਨੁਸਾਰ, ART ਸਰਵਿਸ ਲੈਣ ਲਈ ਉਮਰ ਦੀ ਸੀਮਾਂ 21 ਤੋਂ 50 ਸਾਲ ਤੱਕ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਕਿਹਾ ਕਿ ਸੰਬਧਿਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਅਤੇ ਇਸ ਮਾਮਲੇ ‘ਚ ਕੀ ਐਕਸ਼ਨ ਲਿਆ ਹੈ ਉਸ ਦੀ ਰਿਪੋਰਟ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੂੰ ਭੇਜੇ।

ਇਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਲਕੌਰ ਸਿੰਘ ਅਤੇ ਚਰਨ ਕੌਰ ਨੂੰ ਲੱਖ-ਲੱਖ ਵਧਾਈਆਂ ਦਿੰਦਿਆਂ ਕਿਹਾ ਹੈ ਕਿ ਸਾਡੇ ਵੱਲੋਂ ਉਨ੍ਹਾਂ ਨੂੰ ਬਿਲਕੁੱਲ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਕਤ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ। ਕੇਂਦਰ ਸਰਕਾਰ ਲੂੰਬੜ ਚਾਲਾਂ ਚੱਲ ਰਹੀ ਹੈ, ਉਨ੍ਹਾਂ ਦੀ ਸੋਚ ਘਟੀਆ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਿਲਕੁੱਲ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ। 

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਸੋਸ਼ਲ ਮੀਡੀਆ ਰਾਹੀਂ ਵੀ ਸਪਸ਼ਟੀਕਰਨ ਦਿੱਤਾ ਗਿਆ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ, “ਦਰਅਸਲ ਪੰਜਾਬ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਰਦਾਰਨੀ ਚਰਨ ਕੌਰ ਦੇ ਆਈ.ਵੀ.ਐਫ਼. ਇਲਾਜ ਦੀ ਰਿਪੋਰਟ ਦੀ ਮੰਗ, ਕੇਂਦਰ ਦੀ ਸਰਕਾਰ ਵੱਲੋਂ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀਆਂ ਭਾਵਨਾਵਾਂ, ਉਨ੍ਹਾਂ ਦੇ ਜਜ਼ਬਾਤਾਂ ਦਾ ਦਿਲੋਂ ਸਨਮਾਨ ਕਰਦੇ ਹਨ, ਪਰ ਇਨ੍ਹਾਂ ਕਾਗ਼ਜ਼ਾਤਾਂ ਦੀ ਮੰਗ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਸਮੂਹ ਪੰਜਾਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਨੂੰ ਅਪੀਲ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ।” ਇਸ ਦੇ ਨਾਲ ਹੀ ਕੇਂਦਰ ਵੱਲੋਂ ਜਾਰੀ ਪੱਤਰ ਵੀ ਸਾਂਝਾ ਕੀਤਾ ਗਿਆ ਹੈ। 

Add a Comment

Your email address will not be published. Required fields are marked *