ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ

ਓਹੀਓ- ਅਮਰੀਕੀ ਸੂਬੇ ਓਹੀਓ ਤੋਂ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੂੰ ਸੋਮਵਾਰ ਨੂੰ ਪੈਰੋਲ ਦੀ ਕੋਈ ਸੰਭਾਵਨਾ ਦੇ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਸ ਮਾਂ ਨੂੰ ਇਹ ਸਜ਼ਾ ਆਪਣੀ 16-ਮਹੀਨੇ ਦੀ ਧੀ ਨੂੰ ਪਿਛਲੀ ਗਰਮੀਆਂ ਦੌਰਾਨ 10 ਦਿਨਾਂ ਲਈ ਇੱਕ ਪਲੇਪੇਨ ਵਿੱਚ ਘਰ ਵਿਚ ਇਕੱਲੇ ਛੱਡੇ ਜਾਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਸੁਣਾਈ ਗਈ ਹੈ। 

32 ਸਾਲਾ ਕ੍ਰਿਸਟਲ ਕੈਂਡੇਲਾਰੀਓ ਨੇ ਪਿਛਲੇ ਮਹੀਨੇ ਕਤਲ ਅਤੇ ਬੱਚੇ ਨੂੰ ਖ਼ਤਰੇ ਵਿੱਚ ਪਾਉਣ ਦਾ ਆਪਣਾ ਦੋਸ਼ ਕਬੂਲ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਕੈਂਡੇਲਾਰੀਓ ਨੇ ਆਪਣੀ ਧੀ ਜੈਲਿਨ ਨੂੰ ਆਪਣੇ ਕਲੀਵਲੈਂਡ ਸਥਿਤ ਘਰ ਛੱਡ ਦਿੱਤਾ ਸੀ, ਜਦੋਂ ਉਹ ਜੂਨ 2023 ਵਿੱਚ ਡੇਟ੍ਰੋਇਟ, ਮਿਸ਼ੀਗਨ ਅਤੇ ਪੋਰਟੋ ਰੀਕੋ ਵਿਚ ਛੁੱਟੀਆਂ ਮਨਾਉਣ ਗਈ ਸੀ। ਜਦੋਂ ਉਹ 10 ਦਿਨਾਂ ਬਾਅਦ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਬੱਚੀ ਪਲੇਪੇਨ ਵਿੱਚ ਸਾਹ ਨਹੀਂ ਲੈ ਰਹੀ ਸੀ ਅਤੇ ਉਸਨੇ 911 ‘ਤੇ ਕਾਲ ਕੀਤੀ। ਐਮਰਜੈਂਸੀ ਜਵਾਬ ਦੇਣ ਵਾਲਿਆਂ ਨੇ ਦੇਖਿਆ ਕਿ ਬੱਚੀ “ਬਹੁਤ ਜ਼ਿਆਦਾ ਡੀਹਾਈਡ੍ਰੇਟਿਡ” ਸੀ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਤੁਰੰਤ ਬਾਅਦ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕੁਯਾਹੋਗਾ ਕਾਉਂਟੀ ਦੇ ਮੈਡੀਕਲ ਜਾਂਚਕਰਤਾ ਦੇ ਦਫਤਰ ਵੱਲੋਂ ਪੋਸਟਮਾਰਟਮ ਜਾਂਚ ਵਿਚ ਇਹ ਪਤਾ ਲੱਗਾ ਕਿ ਬੱਚੀ ਦੀ ਮੌਤ ਭੁੱਖਮਰੀ ਅਤੇ ਗੰਭੀਰ ਡੀਹਾਈਡਰੇਸ਼ਨ ਕਾਰਨ ਹੋਈ ਹੈ।

ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜ ਬ੍ਰੈਂਡਨ ਸ਼ੀਹਾਨ ਨੇ ਕੈਂਡੇਲਾਰੀਓ ਨੂੰ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਬਿਨਾਂ ਭੋਜਨ ਦੇ ਇਕੱਲੇ ਛੱਡ ਕੇ ਗ਼ਲਤ ਕੀਤਾ ਹੈ। ਸ਼ੀਹਾਨ ਨੇ ਕਿਹਾ, “ਜਿਵੇਂ ਤੁਸੀਂ ਜੈਲੀਨ ਨੂੰ ਉਸਦੀ ਕੈਦ ਤੋਂ ਬਾਹਰ ਨਹੀਂ ਆਉਣ ਦਿੱਤਾ, ਉਸੇ ਤਰ੍ਹਾਂ ਤੁਹਾਨੂੰ ਵੀ ਆਪਣੀ ਬਾਕੀ ਦੀ ਜ਼ਿੰਦਗੀ ਬਿਨਾਂ ਕਿਸੇ ਅਜ਼ਾਦੀ ਦੇ ਇਕ ਸੈੱਲ ਵਿੱਚ ਬਿਤਾਉਣੀ ਚਾਹੀਦੀ ਹੈ। ਫਰਕ ਸਿਰਫ ਇਹ ਹੋਵੇਗਾ ਕਿ ਜੇਲ੍ਹ ਘੱਟੋ-ਘੱਟ ਤੁਹਾਨੂੰ ਭੋਜਨ ਖੁਆਏਗੀ ਅਤੇ ਤੁਹਾਨੂੰ ਤਰਲ ਪਦਾਰਥ ਦੇਵੇਗੀ, ਜੋ ਤੁਸੀਂ ਜੈਲਿਨ ਨੂੰ ਨਹੀਂ ਦਿੱਤਾ ਸੀ।”

ਡਿਪਰੈਸ਼ਨ ਅਤੇ ਸੰਬੰਧਿਤ ਮਾਨਸਿਕ ਸਿਹਤ ਮੁੱਦਿਆਂ ਨਾਲ ਜੂਝ ਰਹੀ ਕੈਂਡੇਲਾਰੀਓ ਨੇ ਕਿਹਾ ਕਿ ਉਹ ਮਾਫੀ ਲਈ ਰੋਜ਼ਾਨਾ ਪ੍ਰਾਰਥਨਾ ਕਰਦੀ ਹੈ। ਮੈਨੂੰ ਆਪਣੀ ਬੱਚੀ ਜੈਲਿਨ ਨੂੰ ਗੁਆਉਣ ਦਾ ਬਹੁਤ ਦੁੱਖ ਹੈ। ਜੋ ਕੁਝ ਵੀ ਵਾਪਰਿਆ ਮੈਂ ਉਸ ਤੋਂ ਬਹੁਤ ਦੁਖੀ ਹਾਂ। ਮੈਂ ਆਪਣੇ ਕੰਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਪਰ ਕੋਈ ਨਹੀਂ ਜਾਣਦਾ ਸੀ ਕਿ ਮੈਂ ਕਿੰਨਾ ਦੁਖੀ ਸੀ ਅਤੇ ਮੈਂ ਕਿਸ ਦੌਰ ਵਿਚੋਂ ਲੰਘ ਰਹੀ ਸੀ… ਪ੍ਰਮਾਤਮਾ ਅਤੇ ਮੇਰੀ ਧੀ ਨੇ ਮੈਨੂੰ ਮਾਫ਼ ਕਰ ਦਿੱਤਾ ਹੈ।

Add a Comment

Your email address will not be published. Required fields are marked *