ਨੇਪਾਲ ‘ਚ ਸਾਬਕਾ ਸਪੀਕਰ ਸੋਨੇ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ

ਕਾਠਮੰਡੂ – ਨੇਪਾਲ ਦੇ ਪ੍ਰਤੀਨਿਧੀ ਸਭਾ ਦੇ ਸਾਬਕਾ ਸਪੀਕਰ ਅਤੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਮੈਂਬਰ ਕ੍ਰਿਸ਼ਨ ਬਹਾਦੁਰ ਮਹਾਰਾ ਨੂੰ ਸੋਨੇ ਦੀ ਤਸਕਰੀ ਦੇ ਇਕ ਵੱਡੇ ਮਾਮਲੇ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਕਾਠਮੰਡੂ ਲਿਆਂਦਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਮੀਡੀਆ ਖ਼ਬਰ ‘ਚ ਦਿੱਤੀ ਗਈ। ‘ਦਿ ਕਾਠਮੰਡੂ ਪੋਸਟ’ ਅਖ਼ਬਾਰ ਦੇ ਅਨੁਸਾਰ, ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਉਪ ਪ੍ਰਧਾਨ ਮਹਾਰਾ ਨੂੰ ਸੋਮਵਾਰ ਨੂੰ ਕਪਿਲਵਾਸਤੂ ਜ਼ਿਲ੍ਹੇ ਦੇ ਪਕਾੜੀ ਤੋਂ ਗ੍ਰਿ਼ਫਤਾਰ ਕੀਤਾ ਗਿਆ ਅਤੇ ਭੈਰਹਾਵਾ ਹਵਾਈ ਅੱਡੇ ਤੋਂ ਰਾਜਧਾਨੀ ਲਿਆਂਦਾ ਗਿਆ।

‘ਦਿ ਹਿਮਾਲੀਅਨ ਟਾਈਮਜ਼’ ਦੀ ਖ਼ਬਰ ਮੁਤਾਬਕ ਰਾਜਧਾਨੀ ਪਹੁੰਚਣ ‘ਤੇ 65 ਸਾਲਾ ਮਹਾਰਾ ਨੂੰ ਤੁਰੰਤ ਲਾਜੀਮਪਤ ਸਥਿਤ ਨੇਪਾਲ ਪੁਲਸ ਦੇ ਕੇਂਦਰੀ ਜਾਂਚ ਬਿਊਰੋ (ਸੀ.ਆਈ.ਬੀ.) ਕੋਲ ਲਿਜਾਇਆ ਗਿਆ। ਸੀ.ਆਈ.ਬੀ. ਦੇ ਬੁਲਾਰੇ ਹੋਬਿੰਦਰ ਬੋਗਾਟੀ ਨੇ ਕਿਹਾ ਕਿ ਮਹਾਰਾ ਖ਼ਿਲਾਫ਼ ਕੇਸ ਤਿਆਰ ਕਰਕੇ ਅਟਾਰਨੀ ਜਨਰਲ ਦਫ਼ਤਰ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਾਰਾ ਦੀ ਹਿਰਾਸਤ ਵਧਾਉਣ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ ਸਤੰਬਰ ਵਿੱਚ ਸੀ.ਆਈ.ਬੀ. ਨੇ 60.716 ਕਿਲੋਗ੍ਰਾਮ ਸੋਨੇ ਦੀ ਤਸਕਰੀ ਦੇ ਸਬੰਧ ਵਿੱਚ ਦੀਪੇਸ਼ ਪੁਨ ਤੋਂ ਪੁੱਛਗਿੱਛ ਕੀਤੀ ਸੀ। ਇਹ ਸੋਨਾ ਜੁਲਾਈ 2023 ਵਿੱਚ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਦਫ਼ਤਰ ਤੋਂ ਅਗਿਆਤ ਰੂਪ ਨਾਲ ਅੱਗੇ ਪਹੁੰਚਣ ਤੋਂ ਤੁਰੰਤ ਬਾਅਦ ਜ਼ਬਤ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਇੱਕ ਈ-ਸਿਗਰੇਟ ਵਿੱਚ ਲੁਕਾ ਕੇ ਰੱਖਿਆ ਗਿਆ 9 ਕਿਲੋਗ੍ਰਾਮ ਸੋਨਾ ਮਿਲਿਆ ਸੀ।

Add a Comment

Your email address will not be published. Required fields are marked *