ਨਿੱਕੇ ਮੂਸੇਵਾਲਾ ਦੇ ਜਨਮ ‘ਤੇ ਮਾਂ-ਪੁੱਤ ਨੂੰ ਮਿਲਣ ਪਹੁੰਚੇ ਗੁਰਦਾਸ ਮਾਨ

ਅੱਜ ਸਵੇਰ ਤੋਂ ਹੀ ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਜਨਮ ਦਿੱਤਾ ਹੈ, ਉਦੋਂ ਤੋਂ ਹੀ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆ ‘ਚ ਵਸਦੇ ਮੂਸੇਵਾਲਾ ਦੇ ਫੈਨਜ਼ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੂੰ ਮਿਲਣ ਲਈ ਅਤੇ ਵਧਾਈਆਂ ਦੇਣ ਲਈ ਹਰ ਕੋਈ ਉਤਾਵਲਾ ਹੈ। ਇਸੇ ਦੌਰਾਨ ਸਿੱਧੂ ਦੇ ਬਹੁਤ ਸਾਰੇ ਚਾਹੁਣ ਵਾਲੇ ਉਸ ਦੇ ਛੋਟੇ ਭਰਾ ਨੂੰ ਦੇਖਣ ਲਈ ਬਠਿੰਡਾ ਵਿਖੇ ਹਸਪਤਾਲ ਪਹੁੰਚੇ।

ਇਸੇ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਛੋਟੇ ਮੂਸੇਵਾਲਾ ਨੂੰ ਮਿਲਣ ਲਈ ਹਸਪਤਾਲ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਸਿਹਤ ਦੀਆਂ ਦੁਆਵਾਂ ਮੰਗੀਆਂ ਅਤੇ ਕਿਹਾ ਕਿ ਉਹ ਪਰਮਾਤਮਾ ਤੋਂ ਦੋਵਾਂ ਮਾਂ ਅਤੇ ਪੁੱਤ ਦੇ ਤੰਦਰੁਸਤ ਰਹਿਣ ਦੀ ਕਾਮਨਾ ਕਰਦੇ ਹਨ। 

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਨੂੰ ਜ਼ਿੰਦਗੀ ਜਿਊਣ ਦਾ ਸਹਾਰਾ ਮਿਲ ਗਿਆ ਹੈ। ਸਿੱਧੂ ਦੇ ਫੈਨਜ਼ ਬਾਰੇ ਬੋਲਦਿਆਂ ਵੀ ਉਨ੍ਹਾਂ ਕਿਹਾ ਸਿੱਧੂ ਦੇ ਫੈਨਜ਼ ਦੇ ਦਿਲਾਂ ‘ਚ ਵੀ ਨਵੀਂ ਆਸ ਬੱਝੀ ਹੈ। 

ਆਈ.ਵੀ.ਐੱਫ. ਤਕਨੀਕ ਬਾਰੇ ਉਨ੍ਹਾਂ ਕਿਹਾ ਕਿ ਇਨਸਾਨ ਦੀ ਹੀ ਲਿਮਿਟ ਹੁੰਦੀ ਹੈ, ਪਰ ਕੁਦਰਤ ਦੀ ਕੋਈ ਲਿਮਿਟ ਨਹੀਂ ਹੁੰਦੀ। ਇਸੇ ਕਾਰਨ, ਜਦੋਂ ਆਈ.ਵੀ.ਐੱਫ. ਤਕਨੀਕ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਲਈ ਨਹੀਂ ਅਪਣਾਈ ਜਾ ਸਕਦੀ, ਉੱਥੇ ਹੀ ਮਾਂ ਚਰਨ ਕੌਰ ਨੇ ਵੱਡਾ ਹੌਂਸਲਾ ਦਿਖਾਇਆ ਅਤੇ 58 ਸਾਲ ਦੀ ਉਮਰ ‘ਚ ਪੁੱਤਰ ਨੂੰ ਜਨਮ ਦਿੱਤਾ ਹੈ।

Add a Comment

Your email address will not be published. Required fields are marked *