ਫਰੀਦਕੋਟ ਤੋਂ ਟਿਕਟ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ

ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਨਾਂ ਕਰਮਜੀਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਉਥੇ ਹੀ ਇਸ ਐਲਾਨ ਮਗਰੋਂ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਅਨਮੋਲ ਪਹਿਲਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਸਨ ਪਰ ਅੱਜ ਉਨ੍ਹਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਰਮਜੀਤ ਨੇ ਕਿਹਾ ਕਿ ਮੈਨੂੰ ਇਹ ਤਾਂ ਪਤਾ ਸੀ ਕਿ ਮੇਰਾ ਨਾਂ ਆਉਣਾ ਹੈ ਪਰ ਫਰੀਦਕੋਟ ਤੋਂ ਆਵੇਗਾ ਇਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ। 

ਇਸ ਦੌਰਾਨ ਕਰਮਜੀਤ ਨੇ ਬਿਨੂੰ ਢਿੱਲੋਂ ਦੇ ਵੀ ਸਿਆਸਤ ‘ਚ ਆਉਣ ਦਾ ਇਸ਼ਾਰਾ ਕੀਤਾ ਹੈ। ਦਰਅਸਲ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਤੇ ਬਿਨੂੰ ਢਿੱਲੋਂ ਅਕਸਰ ਹੀ ਸੀ. ਐੱਮ. ਮਾਨ ਨਾਲ ਇਕੱਠੇ ਨਜ਼ਰ ਆਉਂਦੇ ਹੋ, ਕੀ ਆਉਣ ਵਾਲੇ ਸਮੇਂ ‘ਚ ਢਿੱਲੋਂ ਵੀ ਚੋਣਾਂ ‘ਚ ਆ ਸਕਦੇ ਹਨ? ਇਸ ‘ਤੇ ਕਰਮਜੀਤ ਅਨਮੋਲ ਨੇ ਕਿਹਾ -ਬਿਲਕੁਲ ਆ ਸਕਦੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਦਾ ਇਕ ਹੋਰ ਹੀਰਾ ਸਿਆਸੀ ਪਾਰੀ ਖੇਡਣ ਨੂੰ ਤਿਆਰ ਹੈ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦਿਆਂ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ‘ਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ. ਪੀ., ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਡਾ. ਬਲਬੀਰ ਸਿੰਘ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। 

Add a Comment

Your email address will not be published. Required fields are marked *