ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ : ਦਿੱਲੀ ’ਚ ਦੋ ਨਵੇਂ ਮੈਟਰੋ ਕੋਰੀਡੋਰ ਨੂੰ ਮਨਜ਼ੂਰੀ

ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦੇ ਐਲਾਨ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਇਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਪੀਐੱਮ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ। ਕੇਂਦਰੀ ਕੈਬਨਿਟ ਮੰਤਰੀਆਂ ਦੀ ਹੋਈ ਮੀਟਿੰਗ ਵਿਚ ਦੋ ਹੋਰ ਨਵੇਂ ਦਿੱਲੀ ਮੈਟਰੋ ਗਲਿਆਰਿਆਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਸ ਮਾਮਲੇ ਦੇ ਸਬੰਧ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ, “ਅੱਜ ਦੋ ਨਵੇਂ ਮੈਟਰੋ ਗਲਿਆਰਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਤੇ 8400 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।” ਅਨੁਰਾਗ ਠਾਕੁਰ ਨੇ ਕਿਹਾ ਕਿ, ”ਲਾਜਪਤ ਨਗਰ ਤੋਂ ਸਾਕੇਤ ਜੀ ਬਲਾਕ ਤੱਕ ਲਗਭਗ 8.4 ਕਿਲੋਮੀਟਰ ਦੀ ਮੈਟਰੋ ਲਾਈਨ ਹੋਵੇਗੀ। ਇਸ ਵਿੱਚ ਅੱਠ ਸਟੇਸ਼ਨ ਹੋਣਗੇ। ਦੂਜਾ ਇੰਦਰਲੋਕ ਤੋਂ ਇੰਦਰਪ੍ਰਸਥ ਤੱਕ ਹੈ, ਇਹ ਲਗਭਗ 12.4 ਕਿਲੋਮੀਟਰ ਦੀ ਮੈਟਰੋ ਲਾਈਨ ਹੋਵੇਗੀ। ਇਹ ਮਾਰਚ 2029 ਤੱਕ ਪੂਰੀ ਹੋ ਜਾਵੇਗੀ…”।  

ਮੰਤਰੀ ਨੇ ਕਿਹਾ ਕਿ ਇਸ ਨਾਲ ਸਫ਼ਰ ਦਾ ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ। ਮੰਤਰੀ ਮੰਡਲ ਨੇ 8,399 ਕਰੋੜ ਰੁਪਏ ਦੀ ਕੁੱਲ ਪ੍ਰਾਜੈਕਟ ਲਾਗਤ ਨਾਲ ਦਿੱਲੀ ਮੈਟਰੋ ਫੇਜ਼-4 ਪ੍ਰਾਜੈਕਟਾਂ- ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਅਤੇ ਇੰਦਰਲੋਕ ਤੋਂ ਇੰਦਰਪ੍ਰਸਥ ਦੇ ਦੋ ਗਲਿਆਰਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਐਨਸੀਆਰ ਵਿੱਚ ਜਨਤਕ ਆਵਾਜਾਈ ਵਿੱਚ ਮਹਾਨਗਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਦੋ ਲਾਈਨਾਂ 20.762 ਕਿਲੋਮੀਟਰ ਕਵਰ ਕਰਨਗੀਆਂ।

ਇੰਦਰਲੋਕ – ਇੰਦਰਪ੍ਰਸਥ ਕੋਰੀਡੋਰ ਗ੍ਰੀਨ ਲਾਈਨ ਦਾ ਵਿਸਤਾਰ ਹੋਵੇਗਾ ਅਤੇ ਇਹ ਲਾਲ, ਪੀਲੀ, ਏਅਰਪੋਰਟ ਲਾਈਨ, ਮੈਜੈਂਟਾ, ਵਾਇਲੇਟ ਅਤੇ ਬਲੂ ਲਾਈਨਾਂ ਨਾਲ ਇੰਟਰਚੇਂਜ ਪ੍ਰਦਾਨ ਕਰੇਗਾ, ਜਦੋਂ ਕਿ ਲਾਜਪਤ ਨਗਰ – ਸਾਕੇਤ ਜੀ ਬਲਾਕ ਕੋਰੀਡੋਰ ਸਿਲਵਰ, ਮੈਜੇਂਟਾ, ਪਿੰਕ ਅਤੇ ਜਾਮਨੀ ਲਾਈਨਾਂ ਨੂੰ ਜੋੜੇਗੀ। ਲਾਜਪਤ ਨਗਰ-ਸਾਕੇਤ ਜੀ ਬਲਾਕ ਕੋਰੀਡੋਰ ਪੂਰੀ ਤਰ੍ਹਾਂ ਐਲੀਵੇਟਿਡ ਹੋਵੇਗਾ ਅਤੇ ਇਸ ਵਿੱਚ ਅੱਠ ਸਟੇਸ਼ਨ ਹੋਣਗੇ। ਇੰਦਰਲੋਕ-ਇੰਦਰਪ੍ਰਸਥ ਕੋਰੀਡੋਰ ਵਿੱਚ 10 ਸਟੇਸ਼ਨਾਂ ਦੇ ਨਾਲ 11.349 ਕਿਲੋਮੀਟਰ ਲੰਬੀਆਂ ਭੂਮੀਗਤ ਲਾਈਨਾਂ ਅਤੇ 1.028 ਕਿਲੋਮੀਟਰ ਲੰਬੀਆਂ ਐਲੀਵੇਟਿਡ ਲਾਈਨਾਂ ਹੋਣਗੀਆਂ।

Add a Comment

Your email address will not be published. Required fields are marked *