ਐਲਿਸ ਪੈਰੀ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਪਲੇਆਫ਼ ‘ਚ ਬਣਾਈ ਜਗ੍ਹਾ

ਆਸਟ੍ਰੇਲੀਆ ਦੀ ਧਾਕੜ ਐਲਿਸ ਪੈਰੀ (15 ਦੌੜਾਂ ’ਤੇ 6 ਵਿਕਟਾਂ ਤੇ ਅਜੇਤੂ 40 ਦੌੜਾਂ) ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਮੰਗਲਵਾਰ ਨੂੰ ਇਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਟੀ-20 ’ਚ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਆਫ਼ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਮੁੰਬਈ ਦੀ ਪਾਰੀ ਨੂੰ 19 ਓਵਰਾਂ ’ਚ 113 ਦੌੜਾਂ ’ਤੇ ਸਮੇਟਣ ਤੋਂ ਬਾਅਦ ਆਰ.ਸੀ.ਬੀ. ਨੇ 15 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰਕੇ ਗਰੁੱਪ ਗੇੜ ’ਚ ਆਪਣੀ ਮੁਹਿੰਮ ਦਾ ਅੰਤ ਤੀਜੇ ਸਥਾਨ ’ਤੇ ਕੀਤਾ। ਟੀਮ ਦੀ ਇਹ 8 ਮੈਚਾਂ ਵਿਚੋਂ ਚੌਥੀ ਜਿੱਤ ਹੈ। ਮੁੰਬਈ ਦੀ ਟੀਮ 5 ਜਿੱਤਾਂ ਨਾਲ ਅਜੇ ਵੀ ਦੂਜੇ ਸਥਾਨ ’ਤੇ ਕਾਬਜ਼ ਹੈ ਜਦਕਿ ਦਿੱਲੀ ਕੈਪੀਟਲਸ 7 ਮੈਚਾਂ ਵਿਚੋਂ ਇੰਨੇ ਹੀ ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਇਨ੍ਹਾਂ ਤਿੰਨਾਂ ਟੀਮਾਂ ਨੇ ਪਲੇਆਫ਼ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

‘ਪਲੇਅਰ ਆਫ਼ ਦਿ ਮੈਚ’ ਪੈਰੀ ਨੇ 4 ਓਵਰਾਂ ’ਚ 15 ਦੌੜਾਂ ’ਤੇ 6 ਵਿਕਟਾਂ ਲੈ ਕੇ ਡਬਲਯੂ.ਪੀ.ਐੱਲ. ਇਤਿਹਾਸ ਦਾ ਸਰਵਸ੍ਰੇਸ਼ਠ ਗੇਂਦਬਾਜ਼ੀ ਦਾ ਰਿਕਾਰਡ ਬਣਾਉਣ ਤੋਂ ਬਾਅਦ 38 ਗੇਂਦਾਂ ’ਚ 5 ਚੌਕੇ ਤੇ 1 ਛੱਕਾ ਲਾ ਕੇ ਅਜੇਤੂ 40 ਦੌੜਾਂ ਬਣਾਉਣ ਤੋਂ ਇਲਾਵਾ ਰਿਚਾ ਘੋਸ਼ ਦੇ ਨਾਲ 53 ਗੇਂਦਾਂ ’ਚ 76 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ। ਰਿਚਾ ਨੇ 28 ਗੇਂਦਾਂ ’ਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 36 ਦੌੜਾਂ ਦਾ ਯੋਗਦਾਨ ਦਿੱਤਾ।

ਮੁੰਬਈ ਲਈ ਹੈਲੀ ਮੈਥਿਊਜ਼ (26) ਤੇ ਸੰਜੀਵਨ ਸੰਜਨਾ (30) ਨੇ 6 ਓਵਰਾਂ ’ਚ 43 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਪੈਰੀ ਨੇ ਇਸ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਕਰਕੇ ਮੈਚ ’ਤੇ ਆਰ.ਸੀ.ਬੀ. ਪਕੜ ਬਣਾ ਦਿੱਤੀ ਤੇ ਬੱਲੇਬਾਜ਼ੀ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਪ੍ਰਦਰਸ਼ਨ ਲਈ ਪੈਰੀ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।

Add a Comment

Your email address will not be published. Required fields are marked *