ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ ‘ਚ ਹੋਵੇਗਾ ਸੰਸਕਾਰ

ਮੁੰਬਈ : ਬੀਤੇ ਦਿਨੀਂ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਪਿਛਲੇ 42 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖ਼ਿਰਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਰਾਜੂ ਸ਼੍ਰੀਵਾਸਤਵ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਸੋਗ ‘ਚ ਹੈ। 

ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਦਿੱਲੀ ਦੇ ਦਸ਼ਰਥਪੁਰੀ ਤੋਂ ਰਵਾਨਾ ਹੋਵੇਗੀ। ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ‘ਚ ਹੀ ਕੀਤਾ ਜਾਵੇਗਾ। ਰਾਜੂ ਸ਼੍ਰੀਵਾਸਤਵ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ, ਧੀ ਅੰਤਰਾ ਸ਼੍ਰੀਵਾਸਤਵ ਅਤੇ ਬੇਟਾ ਆਯੁਸ਼ਮਾਨ ਸ਼੍ਰੀਵਾਸਤਵ ਦਿੱਲੀ ‘ਚ ਹਨ। ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਰਾਜੂ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

10 ਅਗਸਤ ਨੂੰ ਪਿਆ ਸੀ ਦਿਲ ਦਾ ਦੌਰਾ 
ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦੱਖਣੀ ਦਿੱਲੀ ਦੇ ਕਲਟ ਜਿਮ ‘ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਉਸੇ ਦਿਨ ਐਂਜੀਓਪਲਾਸਟੀ ਹੋਈ ਸੀ। ਰਾਜੂ ਸ਼੍ਰੀਵਾਸਤਵ ਦਾ ਦਿੱਲੀ ਦੇ ਏਮਜ਼ ‘ਚ 42 ਦਿਨਾਂ ਤੱਕ ਇਲਾਜ ਚੱਲ ਰਿਹਾ ਸੀ। ਕਈ ਹਫ਼ਤਿਆਂ ਤੱਕ ਰਾਜੂ ਨੂੰ ਹੋਸ਼ ਨਹੀਂ ਆਇਆ ਪਰ ਡਾਕਟਰਾਂ ਦੀ ਮਿਹਨਤ ਅਤੇ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਸਦਕਾ ਰਾਜੂ ਹੋਸ਼ ‘ਚ ਆ ਗਿਆ ਪਰ ਫਿਰ ਰਾਜੂ ਸ਼੍ਰੀਵਾਸਤਵ ਦੀ ਸਿਹਤ ਫਿਰ ਵਿਗੜ ਗਈ ਅਤੇ 21 ਸਤੰਬਰ ਨੂੰ ਉਨ੍ਹਾਂ ਨੇ ਏਮਜ਼ ‘ਚ ਆਖ਼ਰੀ ਸਾਹ ਲਿਆ। ਰਾਜੂ ਸ਼੍ਰੀਵਾਸਤਵ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।
 
ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ‘ਚ ਹੋਇਆ ਸੀ। ਬਚਪਨ ਤੋਂ ਹੀ ਰਾਜੂ ਅਮਿਤਾਭ ਬੱਚਨ ਦੇ ਬਹੁਤ ਵੱਡੇ ਫੈਨ ਸਨ। ਉਨ੍ਹਾਂ ਨੂੰ ਦੇਖ ਕੇ ਉਹ ਉਨ੍ਹਾਂ ਦੀ ਨਕਲ ਕਰਨ ਲੱਗ ਪਏ। ਰਾਜੂ ਨੂੰ ਜੂਨੀਅਰ ਅਮਿਤਾਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਰਾਜੂ ਨੂੰ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਪਹਿਲਾਂ ਉਹ ਫ਼ਿਲਮਾਂ ‘ਚ ਜੂਨੀਅਰ ਕਲਾਕਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ।

Add a Comment

Your email address will not be published. Required fields are marked *