ਦੁਬਈ ਦੀ ਜੇਲ੍ਹ ‘ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ

ਅੱਜ-ਕੱਲ ਦੇ ਸਮੇਂ ‘ਚ ਅਕਸਰ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ, ਜਿੱਥੇ ਭਰਾ ਹੀ ਭਰਾ ਦੇ ਦੁਸ਼ਮਣ ਬਣ ਜਾਂਦੇ ਹਨ, ਜਾਂ ਰਿਸ਼ਤੇਦਾਰ ਲੋੜ ਪੈਣ ‘ਤੇ ਮੂੰਹ ਫੇਰ ਲੈਂਦੇ ਹਨ। ਪਰ ਜਲੰਧਰ ਦੇ ਪਿੰਡ ਬਿੱਲੀ ਵੜੈਚ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸਲਾਮ ਕਰਦਿਆਂ ਅਨੋਖੀ ਮਿਸਾਲ ਪੇਸ਼ ਕੀਤੀ ਹੈ। 

ਪਿੰਡ ਦਾ ਇਕ ਨੌਜਵਾਨ ਸੁਖਚੈਨ ਸਿੰਘ ਕਰੀਬ 2 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਦੁਬਈ ਗਿਆ ਸੀ। ਉੱਥੇ ਉਹ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਦੌਰਾਨ ਜਦੋਂ ਉਹ ਟਰੱਕ ਲੈ ਕੇ ਆਬੂਧਾਬੀ ਤੋਂ ਇਲੈਨ ਵੱਲ ਜਾ ਰਿਹਾ ਸੀ ਤਾਂ ਉਸ ਨਾਲ ਇਕ ਹਾਦਸਾ ਵਾਪਰ ਗਿਆ। ਰਾਸਤੇ ‘ਚ ਇਕ ਨੌਜਵਾਨ ਦੀ ਗੱਡੀ ਖ਼ਰਾਬ ਹੋ ਗਈ ਸੀ, ਜਿਸ ਦਾ ਉਹ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਜਦੋਂ ਸੁਖਚੈਨ ਉੱਥੋਂ ਲੰਘਣ ਲੱਗਾ ਤਾਂ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਠੀਕ ਕਰਨ ਵਾਲਾ ਵਿਅਕਤੀ ਸੁਖਚੈਨ ਦੀ ਗੱਡੀ ਦੀ ਚਪੇਟ ‘ਚ ਆ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। 

ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਆ ਗਈ ਤੇ ਸੁਖਚੈਨ ਨੂੰ ਪੁਲਸ ਸਟੇਸ਼ਨ ਲੈ ਗਈ, ਜਿੱਥੇ ਉਸ ਦਾ ਬਲੱਡ ਟੈਸਟ ਕਰਵਾਇਆ ਗਿਆ ਕਿ ਉਸ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ। ਟੈਸਟ ਕਰਵਾਉਣ ਤੋਂ ਬਾਅਦ ਉਸ ਨੂੰ 3-4 ਦਿਨ ਲਈ ਹਿਰਾਸਤ ‘ਚ ਰੱਖਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ 2 ਲੱਖ 10 ਹਜ਼ਾਰ ਦਰਾਮ (ਕਰੀਬ 50 ਲੱਖ ਰੁਪਏ) ਬਲੱਡ ਮਨੀ ਜਮ੍ਹਾ ਕਰਵਾਉਣ ਦਾ ਆਦੇਸ਼ ਦਿੱਤਾ ਗਿਆ। 

ਸੁਖਚੈਨ ਲਈ ਇੰਨੀ ਵੱਡੀ ਰਕਮ ਜਮ੍ਹਾ ਕਰਵਾਉਣਾ ਬਹੁਤ ਮੁਸ਼ਕਲ ਸੀ, ਫੈਸਲਾ ਸੁਣਾਉਣ ਤੋਂ ਬਾਅਦ ਉਸ ਨੂੰ 3 ਮਹੀਨੇ 10 ਦਿਨ ਲਈ ਵਾਪਸ ਜੇਲ੍ਹ ਦਿੱਤਾ ਗਿਆ। ਉਸ ਨੂੰ ਲੱਗਿਆ ਸੀ ਕਿ ਹੁਣ ਉਸ ਦਾ ਇੱਥੋਂ ਨਿਕਲਣਾ ਮੁਸ਼ਕਲ ਹੈ ਤੇ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਹੁਣ ਜੇਲ੍ਹ ‘ਚ ਹੀ ਕੱਟਣੀ ਪਵੇਗੀ। ਉਸ ਨੂੰ ਫਿਰ ਜੇਲ੍ਹ ‘ਚੋਂ ਬਾਹਰ ਕੱਢ ਦਿੱਤਾ ਗਿਆ, ਪਰ ਉਸ ਦਾ ਪਾਸਪੋਰਟ ਪੁਲਸ ਨੇ ਆਪਣੇ ਕੋਲ ਹੀ ਰੱਖ ਲਿਆ ਤੇ ਕਿਹਾ ਕਿ ਜਦੋਂ ਉਹ ਬਲੱਡ ਮਨੀ ਦਾ ਪੈਸਾ ਜਮ੍ਹਾ ਕਰਵਾ ਦੇਵੇਗਾ ਤਾਂ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇੰਨੇ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਅਤੇ ਕਿਵੇਂ ਹੋਵੇਗਾ। 

ਪਰ ਉਸ ਦੇ ਜੇਲ੍ਹ ਜਾਣ ਦੀ ਖ਼ਬਰ ਜਦੋਂ ਉਸ ਦੇ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਰਿਵਾਰ ਦਾ ਪੂਰਾ ਸਾਥ ਦਿੱਤਾ। ਉਨ੍ਹਾਂ ਇਕੱਠੇ ਹੋ ਕੇ ਪੂਰੇ ਪਿੰਡ ਦੇ ਸਹਿਯੋਗ ਨਾਲ 50 ਲੱਖ ਰੁਪਏ ਬਲੱਡ ਮਨੀ ਦਾ ਇੰਤਜ਼ਾਮ ਕੀਤਾ, ਤਾਂ ਜੋ ਸੁਖਚੈਨ ਨੂੰ ਵਾਪਸ ਪੰਜਾਬ ਉਸ ਦੇ ਪਰਿਵਾਰ ‘ਚ ਲਿਆਂਦਾ ਜਾ ਸਕੇ। ਉਨ੍ਹਾਂ ਸੁਖਚੈਨ ਨੂੰ ਫ਼ੋਨ ਕਰ ਕੇ ਕਿਹਾ ਕਿ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹੈ ਤੇ ਜਲਦੀ ਹੀ ਉਸ ਨੂੰ ਆਪਣੇ ਪਰਿਵਾਰ ਕੋਲ ਸੱਦ ਲਿਆ ਜਾਵੇਗਾ। ਉਸ ਨੇ ਦੱਸਿਆ ਕਿ ਅੱਜ ਜੇਕਰ ਉਹ ਆਪਣੇ ਘਰ ਆਪਣੇ ਪਰਿਵਾਰ ‘ਚ ਬੈਠਾ ਹੈ ਤਾਂ ਉਹ ਸਿਰਫ਼ ਆਪਣੇ ਪਿੰਡ ਵਾਸੀਆਂ ਦੇ ਸਹਿਯੋਗ ਕਾਰਨ। ਇਸ ਕੰਮ ਲਈ ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਵਾਲਿਆਂ ਦਾ ਜਿੰਨਾ ਧੰਨਵਾਦ ਕਰੇ, ਓਨਾ ਥੋੜ੍ਹਾ ਹੈ। 

Add a Comment

Your email address will not be published. Required fields are marked *