ਪੰਜਾਹ ਰੁਪਏ ’ਚ ਸ਼ੋਅ ਕਰਦਾ ਰਿਹੈ ਕਾਮੇਡੀ ਜਗਤ ਦਾ ‘ਬਾਦਸ਼ਾਹ’ ਰਾਜੂ ਸ੍ਰੀਵਾਸਤਵ

ਮੁੰਬਈ:ਭਾਰਤ ਦੇ ਕਾਮੇਡੀ ਜਗਤ ਦੇ ਬ੍ਰਹਿਮੰਡ ’ਚੋਂ ਰਾਜੂ ਸ੍ਰੀਵਾਸਤਵ ਦੇ ਨਾਮ ਦਾ ਤਾਰਾ ਅੱਜ ਟੁੱਟ ਗਿਆ। ਉੱਘੇ ਹਾਸਰਸ ਕਲਾਕਾਰ ਨੇ ਅੱਜ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਏਮਸ ’ਚ ਆਖ਼ਰੀ ਸਾਹ ਲਿਆ। ਦੇਸ਼ ਦੇ ਚੋਟੀ ਦੇ ਨਾਮੀ ਹਾਸਰਸ ਕਲਾਕਾਰਾਂ ’ਚ ਸ਼ੁਮਾਰ ਰਾਜੂ ਸ੍ਰੀਵਾਸਤਵ ਦਾ ਜੀਵਨ ਬਹੁਤ ਔਕੜਾਂ ਭਰਿਆ ਰਿਹਾ ਹੈ। ਰਾਜੂ ਦਾ ਜਨਮ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਮੇਸ਼ ਚੰਦਰ ਸ੍ਰੀਵਾਸਤਵ ਇੱਕ ਸਰਕਾਰੀ ਮੁਲਾਜ਼ਮ ਤੇ ਕਵੀ ਸਨ ਤੇ ਉਨ੍ਹਾਂ ਦੀ ਮਾਤਾ ਸਰਸਵਤੀ ਸ੍ਰੀਵਾਸਤਵ ਘਰੇਲੂ ਔਰਤ ਸੀ। ਰਾਜੂ ਦਾ ਪਹਿਲਾ ਨਾਂ ਸੱਤਿਆ ਪ੍ਰਕਾਸ਼ ਸ੍ਰੀਵਾਸਤਵ ਸੀ। ਰਾਜੂ ਨੂੰ ਬਚਪਨ ਤੋਂ ਹੀ ਕਾਮੇਡੀਅਨ ਬਣਨ ਦਾ ਬਹੁਤ ਸ਼ੌਕ ਸੀ ਤੇ ਉਹ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ 1980ਵਿਆਂ ਵਿੱਚ ਮੁੰਬਈ ਚਲਾ ਆ ਗਿਆ ਸੀ। ਕਿਉਂਕਿ ਉਸ ਵੇਲੇ ਕਾਮੇਡੀ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ, ਇਸ ਕਰਕੇ ਰਾਜੂ ਨੂੰ ਕੰਮ ਲੱਭਣ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਰਾਜੂ ਨੇ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ ਅਤੇ ਉਹ ਆਪਣੇ ਸੁਫ਼ਨੇ ਨੂੰ ਜਿਊਂਦਾ ਰੱਖਣ ਲਈ 50 ਰੁਪਏ ’ਚ ਸ਼ੋਅ ਵੀ ਕਰਦਾ ਰਿਹਾ। ਸਾਲ 1988 ਵਿੱਚ ਉਸ ਨੂੰ ਫ਼ਿਲਮ ‘ਤੇਜ਼ਾਬ’ ਵਿੱਚ ਇੱਕ ਨਿੱਕੀ ਜਿਹੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ, ਜਿਥੋਂ ਉਸ ਦਾ ਸਿਨੇ ਜਗਤ ’ਚ ਸਫ਼ਰ ਸ਼ੁਰੂ ਹੋਇਆ ਤੇ ਉਪਰੰਤ ਸਲਮਾਨ ਖ਼ਾਨ ਦੀ ‘ਮੈਨੇ ਪਿਆਰ ਕੀਆ’ ਵਿੱਚ ਉਸ ਦੀ ਭੂਮਿਕਾ ਸ਼ਲਾਘਾਯੋਗ ਸੀ। ‘ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ’ ਨੇ ਉਸ ਨੂੰ ਕੌਮੀ ਪੱਧਰ ’ਤੇ ਪਛਾਣ ਦਿੱਤੀ। ਉਸ ਨੇ ‘ਕਿੰਗ ਆਫ਼ ਕਾਮੇਡੀ’ ਤੇ ‘ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ-ਚੈਂਪੀਅਨਜ਼’ ਦੇ ਖ਼ਿਤਾਬ ਜਿੱਤੇ। ਸਾਲ 2014 ਵਿੱਚ ਰਾਜੂ ਨੂੰ ਲੋਕ ਸਭਾ ਚੋਣਾਂ ਲਈ ਕਾਨਪੁਰ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ਮਿਲੀ, ਪਰ ਉਸ ਨੇ ਇਹ ਟਿਕਟ ਵਾਪਸ ਕਰ ਦਿੱਤੀ ਸੀ। ਉਹ 19 ਮਾਰਚ 2014 ’ਚ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ। ਜ਼ਿੰਦਗੀ ਦੇ ਉਤਰਾਅ-ਚੜ੍ਹਾਵਾਂ ਨਾਲ ਜੂਝਦਿਆਂ ਰਾਜੂ ਸ੍ਰੀਵਾਸਤਵ ਅਖੀਰ 42 ਦਿਨ ਆਈਸੀਯੂ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਿਆ। ਰਾਜੂ ਦਾ ਕੰਮ ਹਮੇਸ਼ਾਂ ਉਸ ਨੂੰ ਅਮਰ ਰੱਖੇਗਾ। 

Add a Comment

Your email address will not be published. Required fields are marked *