ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰ ਕੇ ਫਰਾਰ ਭਾਰਤੀ ਗ੍ਰਿਫ਼ਤਾਰ

ਮੈਲਬੋਰਨ : ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਤਨੀ ਦਾ ਕਤਲ ਕਰ ਕੇ ਫਰਾਰ ਹੋਏ ਭਾਰਤੀ ਨੂੰ ਵਿਕਟੋਰੀਆ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਕਟੋਰੀਆ ਸੂਬੇ ਵਿਚ ਵਾਪਰੀ ਖ਼ੌਫਨਾਕ ਵਾਰਦਾਤ ਦੌਰਾਨ ਅਸ਼ੋਕ ਰਾਜ ਨਾਂ ਦੇ ਸ਼ਖਸ ਨੇ ਕਥਿਤ ਤੌਰ ’ਤੇ ਪਤਨੀ ਦਾ ਕਤਲ ਕਰਨ ਮਗਰੋਂ ਲਾਸ਼ ਕੂੜੇਦਾਨ ਵਿਚ ਸੁੱਟ ਦਿਤੀ ਅਤੇ 4 ਸਾਲ ਦੇ ਬੇਟੇ ਨੂੰ ਲੈ ਕੇ ਭਾਰਤ ਫਰਾਰ ਹੋ ਗਿਆ। ਵਿਕਟੋਰੀਆ ਪੁਲਸ ਨੇ ਦੱਸਿਆ ਕਿ ਅਸ਼ੋਕ ਰਾਜ ਨੂੰ ਆਸਟ੍ਰੇਲੀਆ ਪਰਤਣ ’ਤੇ ਹਿਰਾਸਤ ਵਿਚ ਲੈ ਲਿਆ ਗਿਆ।

ਭਾਰਤੀ ਔਰਤ ਦੀ ਸ਼ਨਾਖਤ ਚੈਥਨਿਆ ਮਧਗਾਨੀ ਉਰਫ ਸ਼ਵੇਤਾ ਵਜੋਂ ਕੀਤੀ ਗਈ ਹੈ ਅਤੇ ਉਸ ਦਾ ਕਤਲ 5 ਮਾਰਚ ਤੋਂ 7 ਮਾਰਚ ਦਰਮਿਆਨ ਕੀਤਾ ਗਿਆ। ਅਸ਼ੋਕ ਰਾਜ ਅਤੇ ਉਸ ਦੇ ਪਰਵਾਰ ਨੂੰ ਨੇੜਿਉਂ ਜਾਣਨ ਵਾਲਿਆਂ ਨੇ ਦੱਸਿਆ ਕਿ ਜਦੋਂ ਉਹ ਭਾਰਤ ਰਵਾਨਾ ਹੋਇਆ ਤਾਂ ਉਸੇ ਦੌਰਾਨ ਸ਼ਵੇਤਾ ਵੀ ਲਾਪਤਾ ਹੋ ਗਈ। ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਕੂੜੇਦਾਨ ਵਿਚੋਂ ਲਾਸ਼ ਬਰਾਮਦ ਹੋਣ ਮਗਰੋਂ ਜਦੋਂ ਵਿਕਟੋਰੀਆ ਪੁਲਸ ਨੇ ਅਸ਼ੋਕ ਨਾਲ ਸੰਪਰਕ ਕੀਤਾ ਤਾਂ ਉਸ ਵੱਲੋਂ ਪੜਤਾਲ ਵਿਚ ਸਹਿਯੋਗ ਦਾ ਭਰੋਸਾ ਦਿਤਾ ਗਿਆ। ਸ਼ਵੇਤਾ ਦੀ ਲਾਸ਼ ਜਿਸ ਜੰਗਲੀ ਇਲਾਕੇ ਵਿਚੋਂ ਮਿਲੀ, ਉਹ ਉਸ ਦੇ ਘਰ ਤੋਂ ਤਕਰੀਬਨ 82 ਕਿਲੋਮੀਟਰ ਦੂਰ ਹੈ। ਸ਼ਵੇਤਾ ਅਤੇ ਉਸ ਦਾ ਪਤੀ ਵਿਨਚੈਲਸੀ ਇਲਾਕੇ ਵਿਚ ਰਹਿੰਦੇ ਸਨ ਜਦਕਿ ਲਾਸ਼ ਬਕਲੀ ਇਲਾਕੇ ਵਿਚੋਂ ਬਰਾਮਦ ਕੀਤੀ ਗਈ। ਸ਼ਵੇਤਾ ਦੀ ਇਕ ਸਹੇਲੀ ਨੇ ਦੱਸਿਆ ਕਿ ਉਹ ਹਸਮੁਖ ਔਰਤ ਸੀ ਅਤੇ ਆਪਣੇ ਪਰਿਵਾਰ ਨੂੰ ਆਸਟ੍ਰੇਲੀਆ ਵਿਚ ਸੈਟਲ ਕਰਨ ਵਿਚ ਵੱਡਾ ਯੋਗਦਾਨ ਪਾਇਆ।

ਸ਼ਵੇਤਾ ਦੇ ਕਤਲ ਦੀ ਖ਼ਬਰ ਉਸ ਦੇ ਭਾਰਤ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਨ੍ਹਾਂ ਨੂੰ ਯਕੀਨ ਹੀ ਨਾ ਹੋਇਆ। ਅਸ਼ੋਕ ਰਾਜ ਅਤੇ ਸ਼ਵੇਤਾ ਦੀ ਪਰਿਵਾਰਕ ਜ਼ਿੰਦਗੀ ਵਿਚ ਕਦੇ ਕੋਈ ਸਮੱਸਿਆ ਨਹੀਂ ਸੀ ਆਈ ਅਤੇ ਹੁਣ ਅਸ਼ੋਕ ਰਾਜ ਵਿਰੁੱਧ ਹੀ ਕਤਲ ਦੇ ਦੋਸ਼ ਲੱਗਣ ਤੋਂ ਹਰ ਕੋਈ ਹੈਰਾਨ ਹੈ। ਦੂਜੇ ਪਾਸੇ ਹੈਦਰਾਬਾਦ ਤੋਂ ਮਿਲੀ ਰਿਪੋਰਟ ਮੁਤਾਬਕ ਅਸ਼ੋਕ ਰਾਜ ਆਪਣੇ ਬੇਟੇ ਨੂੰ ਭਾਰਤ ਛੱਡ ਕੇ ਆਸਟ੍ਰੇਲੀਆ ਪਰਤਿਆ। ਹੈਦਰਾਬਾਦ ਨੇੜਲੇ ਉਪਲ ਹਲਕੇ ਤੋਂ ਵਿਧਾਇਕ ਬੀ.ਐਲ. ਰੈਡੀ ਨੇ ਕਿਹਾ ਕਿ ਸ਼ਵੇਤਾ ਦੀ ਦੇਹ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰੀ ਮੰਤਰੀ ਕਿਸ਼ਨ ਰੈਡੀ ਨਾਲ ਇਸ ਮੁੱਦੇ ’ਤੇ ਗੱਲ ਕੀਤੀ ਗਈ ਅਤੇ ਸ਼ਵੇਤ ਦੀ ਦੇਹ ਲਿਆਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਕੇਂਦਰ ਸਰਕਾਰ ਨੇ ਦਿਤਾ ਹੈ। ਇਸੇ ਦੌਰਾਨ ਹੈਦਰਾਬਾਦ ਪੁਲਸ ਨੇ ਕਿਹਾ ਹੈ ਕਿ ਸ਼ਵੇਤਾ ਦੇ ਪਤੀ ਅਸ਼ੋਕ ਰਾਜ ਵਿਰੁੱਧ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।

Add a Comment

Your email address will not be published. Required fields are marked *