ਇੰਡੀਗੋ ’ਚ 5.8 ਫ਼ੀਸਦੀ ਦੀ ਹਿੱਸੇਦਾਰੀ ਵੇਚ ਸਕਦੇ ਹਨ ਰਾਕੇਸ਼ ਗੰਗਵਾਲ

ਨਵੀਂ ਦਿੱਲੀ : ਏਅਰਲਾਈਨ ਕੰਪਨੀ ਇੰਡੀਗੋ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਆਪਣੀ ਮੂਲ ਕੰਪਨੀ ਇੰਟਰਗਲੋਬ ਐਵੀਏਸ਼ਨ ਵਿਚ 5 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਵੇਚ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਗੰਗਵਾਲ ਸਿਰਫ਼ 3.3 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਪਰ ਤਾਜ਼ਾ ਰਿਪੋਰਟ ਮੁਤਾਬਕ 5.8 ਫ਼ੀਸਦੀ ਹਿੱਸੇਦਾਰੀ ਵੇਚਣ ਦਾ ਕਾਰਨ ਫੰਡ ਇਕੱਠਾ ਕਰਨਾ ਹੈ। ਰਾਕੇਸ਼ ਗੰਗਵਾਲ ਇਸ ਹਿੱਸੇਦਾਰੀ ਦੀ ਵਿਕਰੀ ਤੋਂ ਲਗਭਗ 6,600 ਕਰੋੜ ਰੁਪਏ ਇਕੱਠੇ ਕਰਨਾ ਚਾਹੁੰਦੇ ਹਨ। ਇਸ ਸੇਲ ਦੇ ਵੇਰਵਿਆਂ ਦੀ ਗੱਲ ਕਰੀਏ ਤਾਂ ਇਸ ਦੀ ਫਲੋਰ ਕੀਮਤ 2,925 ਰੁਪਏ ਪ੍ਰਤੀ ਸ਼ੇਅਰ ਰੱਖੀ ਗਈ ਹੈ।

ਗੰਗਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਟਰੱਸਟ ਕੋਲ ਸਾਂਝੇ ਤੌਰ ’ਤੇ ਇੰਟਰਗਲੋਬ ਦੇ ਲਗਭਗ 25 ਫ਼ੀਸਦੀ ਦੇ ਮਾਲਕ ਹਨ। ਗੰਗਵਾਰ ਪਰਿਵਾਰ ਨੇ ਫਰਵਰੀ 2022 ’ਚ ਆਪਣੇ ਅਸਤੀਫੇ ਤੋਂ ਬਾਅਦ ਇੰਟਰਗਲੋਬ ਏਵੀਏਸ਼ਨ ’ਚ ਹਿੱਸੇਦਾਰੀ ਘਟਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਗੰਗਵਾਲ ਪਰਿਵਾਰ ਨੇ 4 ਫ਼ੀਸਦੀ ਹਿੱਸੇਦਾਰੀ 2,900 ਕਰੋੜ ਰੁਪਏ ’ਚ ਵੇਚੀ ਸੀ। ਇਸ ਤੋਂ ਬਾਅਦ ਸਤੰਬਰ ਮਹੀਨੇ ’ਚ ਵੀ 2.8 ਫ਼ੀਸਦੀ ਹਿੱਸੇਦਾਰੀ ਵੇਚੀ ਗਈ। ਇਸ ਤੋਂ ਬਾਅਦ ਗੰਗਵਾਲ ਨੇ ਅਗਸਤ 2023 ’ਚ ਇਕ ਹੋਰ ਬਲਾਕ ਸੌਦੇ ’ਚ 45 ਕਰੋੜ ਡਾਲਰ ਦੇ ਸ਼ੇਅਰ ਵੀ ਵੇਚੇ।

ਹਵਾਬਾਜ਼ੀ ਦੀ ਦਿੱਗਜ ਕੰਪਨੀ ਇੰਡੀਗੋ ਨੇ ਦਸੰਬਰ 2023 ਨੂੰ ਖ਼ਤਮ ਹੋਈ ਤਿਮਾਹੀ ਲਈ 2,998 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ, ਜੋ ਪਿਛਲੇ ਸਾਲ ਦੀ ਮਿਆਦ ’ਚ 1,418 ਕਰੋੜ ਰੁਪਏ ਸੀ। ਇਸ ਦੌਰਾਨ ਸੰਚਾਲਨ ਤੋਂ ਮਾਲੀਆ ਵਧ ਕੇ 19,452 ਕਰੋੜ ਰੁਪਏ ਹੋ ਗਿਆ। ਹਵਾਈ ਯਾਤਰਾ ਦੀ ਮਜ਼ਬੂਤ ​​ਮੰਗ ਕਾਰਨ ਕੰਪਨੀ ਦਾ ਮੁਨਾਫਾ ਵਧਿਆ ਹੈ। ਘੱਟ ਕੀਮਤ ਵਾਲੀ ਕੈਰੀਅਰ ਇੰਡੀਗੋ ਕੋਲ 358 ਜਹਾਜ਼ਾਂ ਦਾ ਭਾਰਤ ਦਾ ਸਭ ਤੋਂ ਵੱਡਾ ਏਅਰਲਾਈਨ ਫਲੀਟ ਹੈ ਅਤੇ 62 ਫ਼ੀਸਦੀ ਤੋਂ ਵੱਧ ਬਾਜ਼ਾਰ ਹਿੱਸੇਦਾਰੀ ਹੈ।

Add a Comment

Your email address will not be published. Required fields are marked *