ਨਿਊਜ਼ੀਲੈਂਡ ਨੇ ਸਟੰਪ ਤਕ 2 ਵਿਕਟਾਂ ’ਤੇ ਬਣਾਈਆਂ 134 ਦੌੜਾਂ

ਕ੍ਰਾਈਸਟਚਰਚ – ਕੇਨ ਵਿਲੀਅਮਸਨ ਨੇ ਆਪਣੇ 100ਵੇਂ ਟੈਸਟ ਮੈਚ ਵਿਚ 51 ਦੌੜਾਂ ਦੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਨਾਲ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਇਥੇ ਦੂਜੇ ਟੈਸਟ ਦੇ ਦੂਜੇ ਦਿਨ ਆਸਟ੍ਰੇਲੀਆ ਵਿਰੁੱਧ ਸਟੰਪ ਤਕ ਦੂਜੀ ਪਾਰੀ ’ਚ 2 ਵਿਕਟਾਂ ’ਤੇ 134 ਦੌੜਾਂ ਬਣਾ ਕੇ 40 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਪਹਿਲੀ ਪਾਰੀ ’ਚ ਵਿਲੀਅਮਸਨ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਪਰ ਦੂਜੀ ਪਾਰੀ ’ਚ ਉਸ ਨੇ 105 ਗੇਂਦਾਂ ’ਚ 34ਵਾਂ ਟੈਸਟ ਅਰਧ ਸੈਂਕੜਾ ਲਾਇਆ ਤੇ ਟਾਮ ਲਾਥਮ ਦੇ ਨਾਲ ਦੂਜੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਸ ਸਾਂਝੇਦਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ 1 ਵਿਕਟ ’ਤੇ 6 ਦੌੜਾਂ ਤੋਂ ਉੱਭਰਦੇ ਹੋਏ 2 ਵਿਕਟਾਂ ’ਤੇ 111 ਦੌੜਾਂ ਬਣਾ ਲਈਆਂ ਹਨ ਤੇ ਆਸਟ੍ਰੇਲੀਆ ਦੀ ਪਹਿਲੀ ਪਾਰੀ ਦੀ 94 ਦੌੜਾਂ ਦੀ ਬੜ੍ਹਤ ਨੂੰ ਖਤਮ ਕਰ ਦਿੱਤਾ ਹੈ। ਸਟੰਪ ਤਕ ਲਾਥਮ ਆਸਟ੍ਰੇਲੀਆ ਵਿਰੁੱਧ ਆਪਣਾ ਸਰਵਸ੍ਰੇਸ਼ਠ (65 ਦੌੜਾਂ) ਟੈਸਟ ਸਕੋਰ ਬਣਾ ਕੇ ਕ੍ਰੀਜ਼ ’ਤੇ ਡਟਿਆ ਹੋਇਆ ਹੈ ਤੇ ਦੂਜੇ ਪਾਸੇ ’ਤੇ ਰਚਿਨ ਰਵਿੰਦਰ 11 ਦੌੜਾਂ ਬਣਾ ਕੇ ਖੇਡ ਰਿਹਾ ਹੈ। ਸ਼ੁੱਕਰਵਾਰ ਨੂੰ ਵਿਲੀਅਮਸਨ ਜਦੋਂ 100ਵੇਂ ਟੈਸਟ ਲਈ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਲਈ ਕ੍ਰੀਜ਼ ’ਤੇ ਉਤਰਿਆ ਸੀ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਉਸਦਾ ਸਵਾਗਤ ਕੀਤਾ ਸੀ ਪਰ ਉਹ 17 ਦੌੜਾਂ ਹੀ ਬਣਾ ਸਕਿਆ ਸੀ।

ਨਿਊਜ਼ੀਲੈਂਡ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟ ਗਈ ਸੀ। ਆਸਟ੍ਰੇਲੀਆ ਨੇ ਸਵੇਰੇ 4 ਵਿਕਟਾਂ ’ਤੇ 124 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮਾਰਨਸ ਲਾਬੂਸ਼ੇਨ ਨੇ ਕੱਲ ਦੀ 45 ਦੌੜਾਂ ਦੀ ਪਾਰੀ ਨੂੰ 90 ਦੌੜਾਂ ’ਚ ਬਦਲਿਆ, ਜਿਸ ਨਾਲ ਟੀਮ ਨੇ ਪਹਿਲੀ ਪਾਰੀ ’ਚ 256 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਹਿਸਾਬ ਨਾਲ 94 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਮੈਟ ਹੈਨਰੀ ਨੇ 67 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਉਸ ਨੇ ਆਪਣੇ ਕਰੀਅਰ ’ਚ ਦੂਜੀ ਵਾਰ 7 ਵਿਕਟਾਂ ਹਾਸਲ ਕੀਤੀਆਂ। ਇਹ ਉਸਦਾ ਇਸ ਲੜੀ ’ਚ ਦੂਜਾ 5 ਵਿਕਟਾਂ ਲੈਣ ਵਾਲਾ ਪ੍ਰਦਰਸ਼ਨ ਰਿਹਾ ਹੈ।ਆਸਟ੍ਰੇਲੀਆ ਨੇ ਪਹਿਲਾ ਟੈਸਟ 172 ਦੌੜਾਂ ਨਾਲ ਜਿੱਤਿਆਾ ਸੀ ਤੇ 2 ਟੈਸਟਾਂ ਦੀ ਲੜੀ ’ਚ 1-0 ਨਾਲ ਬੜ੍ਹਤ ਬਣਾ ਲਈ ਸੀ।

Add a Comment

Your email address will not be published. Required fields are marked *