DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’ ਟਵੀਟ ਕਰਕੇ ਖੜ੍ਹੇ ਕੀਤੇ ਸਵਾਲ

ਜਲੰਧਰ/ਕਪੂਰਥਲਾ — ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਏ ਦਿਨ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਇਸੇ ਤਹਿਤ ਇਕ ਵਾਰ ਫਿਰ ਤੋਂ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ. ਨਰੇਸ਼ ਡੋਗਰਾ ’ਚ ਹੋਈ ਹੱਥੋਪਾਈ ਨੂੰ ਲੈ ਕੇ ਟਵਿੱਟਰ ’ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ‘ਜਲੰਧਰ ਕੇਸਰੀ’ ’ਚ ਛੱਪੀ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋੋਈ ਡੀ. ਸੀ. ਪੀ. ਅਤੇ ਵਿਧਾਇਕ ਦੀ ਹੱਥੋਪਾਈ ਦੀ ਖ਼ਬਰ ਦੀ ਇਕ ਕਟਿੰਗ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਸਵਾਲ ਚੁੱਕੇ ਹਨ।

ਕਟਿੰਗ ਸ਼ੇਅਰ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਹੈ ਕਿ ਨਿੱਜੀ ਸਵਾਰਥ ਕਾਰਨ ਜਲੰਧਰ ’ਚ ਇਕ ਛੋਟੇ ਜਿਹੇ ਪ੍ਰਾਪਰਟੀ ਵਿਵਾਦ ’ਤੇ ਡੀ. ਸੀ. ਪੀ. ਦੇ ਨਾਲ ‘ਆਪ’ ਦੇ ਵਿਧਾਇਕ ਲੜ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਅਜਿਹੇ ’ਚ ਵਿਧਾਇਕ ‘ਆਪਰੇਸ਼ਨ ਲੋਟਸ’ ਦੇ ਤਹਿਤ 25 ਕਰੋੜ ਦੇਣ ’ਤੇ ਇਸ ਤੋਂ ਇਨਕਾਰ ਕਰਨਗੇ। ਇਹ ਆਪਰੇਸ਼ਨ ਸਿਰਫ਼ ਅਰਵਿੰਦ ਕੇਜਰੀਵਾਲ ਦੀ ਰਚਨਾ ਹੈ। 

ਜ਼ਿਕਰਯੋਗ ਹੈ ਕਿ ਸ਼ਾਸਤਰੀ ਮਾਰਕੀਟ ’ਚ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਰੇਸ਼ ਡੋਗਰਾ ਅਤੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ਵਿਚਾਲੇ ਬੀਤੀ ਸ਼ਾਮ ਹੱਥੋਪਾਈ ਹੋ ਗਈ। ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ’ਚ ਸਵੇਰਾ ਭਵਨ ’ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਮਾਲਕ ਨੇ ਵੀ ਹੱਥੋਪਾਈ ਕੀਤੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਡੀ. ਸੀ. ਪੀ. ਅਤੇ ਵਿਧਾਇਕ ਉਸ ਦਫ਼ਤਰ ’ਚ ਰਾਜ਼ੀਨਾਮਾ ਕਰਨ ਲਈ ਬੁਲਾਏ ਗਏ ਸਨ। ਇਸ ਦੇ ਬਾਅਦ ਦਬਾਅ ਵਿਚ ਆਈ ਪੁਲਸ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨਾ ਪਿਆ। 

ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਦੇ ਡੀ. ਸੀ. ਪੀ. ਸ਼ਾਸਤਰੀ ਮਾਰਕੀਟ ਨੇੜੇ ਇਕ ਪ੍ਰਾਪਰਟੀ ਵਿਵਾਦ ’ਚ ਪਹੁੰਚੇ ਸਨ। ਇਸ ਦੌਰਾਨ ਦੂਜੀ ਧਿਰ ਤੋਂ ‘ਆਪ’ ਵਿਧਾਇਕ ਵੀ ਪਹੁੰਚ ਗਏ। ਪਹਿਲਾਂ ਤਾਂ ਡੀ. ਸੀ. ਪੀ. ਅਤੇ ਵਿਧਾਇਕ ’ਚ ਬਹਿਸਬਾਜ਼ੀ ਹੋਈ ਪਰ ਜਦੋਂ ਇਸ ਵਿਵਾਦ ਨੂੰ ਲੈ ਕੇ ਉਹ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਸਵੇਰਾ ਭਵਨ ’ਚ ਪਹੁੰਚੇ ਤਾਂ ਇਹ ਵਿਵਾਦ ਹਿੰਸਾ ’ਚ ਬਦਲ ਗਿਆ ਅਤੇ ਦੋਵਾਂ ’ਚ ਕਹਾ-ਸੁਣੀ ਹੋ ਗਈ।

ਸੂਤਰਾਂ ਦੀ ਮੰਨੀਏ ਤਾਂ ਡੀ. ਸੀ. ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਡੀ. ਸੀ. ਪੀ. ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਇਸ ਵਿਵਾਦ ’ਚ ਦਫਤਰ ਦਾ ਮਾਲਕ ਵੀ ਕੁੱਦ ਪਿਆ। ਜਲੰਧਰ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਹੋਈ ਬਦਸਲੂਕੀ ਤੋਂ ਬਾਅਦ ਮੌਕੇ ’ਤੇ ਪੁਲਸ ਅਧਿਕਾਰੀ ਪਹੁੰਚ ਗਏ। ਦਫ਼ਤਰ ਦੇ ਆਸ-ਪਾਸ ਪੀ. ਸੀ. ਆਰ. ਅਤੇ ਪੁਲਸ ਅਧਿਕਾਰੀਆਂ ਦੀਆਂ ਗੱਡੀਆਂ ਪਹੁੰਚ ਗਈਆਂ, ਹਾਲਾਂਕਿ ਦਫ਼ਤਰ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਇਸ ਦੌਰਾਨ ਇਕ ਧਿਰ ਦੇ 4 ਲੋਕਾਂ ਨੇ ਦਾਅਵਾ ਕੀਤਾ ਕਿ ਉਹ ਇਸ ਵਿਵਾਦ ’ਚ ਜ਼ਖ਼ਮੀ ਹੋਏ ਹਨ, ਜਿਸ ’ਚ ਰਾਹੁਲ, ਸੰਨੀ ਦੋਵੇਂ ਵਾਸੀ ਬਸਤੀ ਸ਼ੇਖ, ਦੀਪਕ ਵਾਸੀ ਗਰੀਨ ਐਵੇਨਿਊ ਸ਼ਾਮਲ ਸਨ।

Add a Comment

Your email address will not be published. Required fields are marked *