40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਬੱਚਾ, ਬਚਾਅ ਮੁਹਿੰਮ ‘ਚ ਜੁੱਟੀ NDRF ਦੀ ਟੀਮ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਦੇਰ ਰਾਤ ਇਕ ਬੱਚਾ ਦਿੱਲੀ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ‘ਚ ਬਣੇ 40 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਦਿੱਲੀ ਫਾਇਰ ਸਰਵਿਸ (DFS) ਬੱਚੇ ਨੂੰ ਬਚਾਉਣ ਲਈ ਇਕ ਸਾਂਝੀ ਮੁਹਿੰਮ ਚਲਾ ਰਹੇ ਹਨ। DFS ਮੁਖੀ ਅਤੁਲ ਗਰਗ ਨੇ ਦੱਸਿਆ ਕਿ ਦੇਰ ਰਾਤ ਕਰੀਬ 1 ਵਜੇ ਪੱਛਮੀ ਦਿੱਲੀ ਦੇ ਕੇਸ਼ੋਪੁਰ ਮੰਡੀ ਖੇਤਰ ਵਿਚ ਡੀ. ਜੇ. ਬੀ ਪਲਾਂਟ ਵਿਚ ਬਣੇ ਬੋਰਵੈੱਲ ਵਿਚ ਇਕ ਬੱਚੇ ਦੇ ਡਿੱਗਣ ਦੀ ਸੂਚਨਾ ਮਿਲੀ।

ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਬਾਅਦ ਵਿਚ ਸਾਨੂੰ ਸਾਡੇ ਅਧਿਕਾਰੀਆਂ ਤੋਂ ਸੂਚਨਾ ਮਿਲੀ ਕਿ ਇਕ ਬੱਚਾ 40 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। NDRF ਦੀ ਟੀਮ ਵੀ ਮੌਕੇ ‘ਤੇ ਮੌਜੂਦ ਹੈ। ਗਰਗ ਨੇ ਕਿਹਾ ਕਿ NDRF ਦੀ ਟੀਮ ਜਲਦੀ ਹੀ ਉਸ ਬੋਰਵੈੱਲ ਦੇ ਸਮਾਨਾਂਤਰ ਇਕ ਹੋਰ ਬੋਰਵੈੱਲ ਦੀ ਖੋਦਾਈ ਸ਼ੁਰੂ ਕਰੇਗੀ, ਜਿਸ ਵਿਚ ਬੱਚਾ ਡਿੱਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ।

ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਚਿਤਰ ਵੀਰ ਨੇ ਕਿਹਾ ਕਿ ਰਾਤ ਨੂੰ ਵਿਕਾਸਪੁਰੀ ਪੁਲਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਇਕ ਬੱਚਾ ਪੱਛਮੀ ਦਿੱਲੀ ਵਿਚ ਕੇਸ਼ੋਪੁਰ (ਦਿੱਲੀ) ਜਲ ਬੋਰਡ ਦਫਤਰ ‘ਚ ਬਣੇ ਬੋਰਵੈੱਲ ਵਿਚ ਡਿੱਗ ਗਿਆ ਹੈ। ਸਥਾਨਕ ਪੁਲਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। NDRF ਦੀ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਬੋਰਵੈੱਲ ‘ਚ ਡਿੱਗਣ ਵਾਲੇ ਬੱਚੇ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Add a Comment

Your email address will not be published. Required fields are marked *