ਕਾਂਗਰਸ ਨੇ 40 ਉਮੀਦਵਾਰਾਂ ਦੇ ਨਾਵਾਂ ’ਤੇ ਲਾਈ ਮੋਹਰ

ਨਵੀਂ ਦਿੱਲੀ – ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ. ਈ. ਸੀ.) ਨੇ ਲੋਕ ਸਭਾ ਚੋਣਾਂ ਲਈ ਵੀਰਵਾਰ ਨੂੰ ਛੱਤੀਸਗੜ੍ਹ, ਕੇਰਲ ਤੇ ਕਈ ਹੋਰ ਸੂਬਿਆਂ ’ਚ ਲਗਭਗ 40 ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਗਾਈ। ਉਮੀਦਵਾਰਾਂ ਦੀ ਪਹਿਲੀ ਸੂਚੀ ਅਗਲੇ ਕੁਝ ਦਿਨਾਂ ’ਚ ਜਾਰੀ ਕਰ ਦਿੱਤੀ ਜਾਵੇਗੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਕਮੇਟੀ ’ਚ ਸ਼ਾਮਲ ਹੋਰ ਕਈ ਆਗੂਆਂ, ਸਬੰਧਤ ਸੂਬਿਆਂ ਦੇ ਇੰਚਾਰਜਾਂ ਤੇ ਸੀਨੀਅਰ ਨੇਤਾਵਾਂ ਨੇ ਮੀਟਿੰਗ ’ਚ ਸ਼ਿਰਕਤ ਕੀਤੀ। ਸੀ. ਈ. ਸੀ. ਮੀਟਿੰਗ ’ਚ ਵੱਖ-ਵੱਖ ਸਕ੍ਰੀਨਿੰਗ ਕਮੇਟੀਆਂ ਵਲੋਂ ਭੇਜੇ ਗਏ ਨਾਵਾਂ ’ਚੋਂ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਗਾਈ ਜਾਂਦੀ ਹੈ।

ਸੂਤਰਾਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਰਾਜਨੰਦਗਾਂਵ ਤੇ ਸਾਬਕਾ ਮੰਤਰੀ ਤਾਮਰਧਵਜ ਸਾਹੂ ਨੂੰ ਮਹਾਸਮੁੰਦ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਰਲ ਦੀਆਂ ਕਈ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸ ਵਾਰ ਫਿਰ ਵਾਇਨਾਡ ਤੋਂ ਚੋਣ ਲੜ ਸਕਦੇ ਹਨ।

ਮੀਟਿੰਗ ’ਚ ਦਿੱਲੀ, ਛੱਤੀਸਗੜ੍ਹ, ਕੇਰਲ, ਤੇਲੰਗਾਨਾ, ਕਰਨਾਟਕ ਤੇ ਉੱਤਰ-ਪੂਰਬੀ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ ਗਿਆ। ਇਸ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਤੇ ਛੱਤੀਸਗੜ੍ਹ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ, ‘‘ਚੰਗੀ ਚਰਚਾ ਹੋਈ, ਜਿਨ੍ਹਾਂ ਸੂਬਿਆਂ ਨੂੰ ਲੈ ਕੇ ਸੀ. ਈ. ਸੀ. ਦੀ ਮੀਟਿੰਗ ਹੋਈ, ਉਥੇ ਦੀ ਇਕ-ਇਕ ਸੀਟ ’ਤੇ ਚਰਚਾ ਕੀਤੀ ਗਈ।’’ ਇਹ ਪੁੱਛੇ ਜਾਣ ’ਤੇ ਕਿ ਕੀ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜਨਗੇ, ਪਾਇਲਟ ਨੇ ਕਿਹਾ, ‘‘ਜੋ ਵੀ ਫ਼ੈਸਲਾ ਲਿਆ ਜਾਵੇਗਾ, ਇਸ ਦੀ ਸੂਚਨਾ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਦਿੱਤੀ ਜਾਵੇਗੀ।’’

ਵੱਡੇ ਆਗੂਆਂ ਦੇ ਚੋਣ ਲੜਨ ਦੀ ਸੰਭਾਵਨਾ ’ਤੇ ਪਾਇਲਟ ਨੇ ਕਿਹਾ, ‘‘ਜੋ ਕੋਈ ਵੀ ਚੋਣ ਜਿੱਤਣ ਦੀ ਸਥਿਤੀ ’ਚ ਹੋਵੇਗਾ, ਪਾਰਟੀ ਉਸ ਨੂੰ ਚੋਣ ਲੜਨ ਦਾ ਹੁਕਮ ਦੇਵੇਗੀ ਤੇ ਉਹ ਚੋਣ ਲੜਨਗੇ ਪਰ ਇਸ ਸਬੰਧੀ ਅੰਤਿਮ ਫ਼ੈਸਲਾ ਸੀ. ਈ. ਸੀ. ਲਵੇਗੀ। ਕਾਂਗਰਸ ਨੇ ਅਜੇ ਤੱਕ ਆਮ ਚੋਣਾਂ ਲਈ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ, ਜਦਕਿ ਭਾਜਪਾ ਨੇ ਹਾਲ ਹੀ ’ਚ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

Add a Comment

Your email address will not be published. Required fields are marked *