ਸ਼ਹਿਬਾਜ਼ ਸ਼ਰੀਫ ਦੂਜੀ ਵਾਰ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਇਸਲਾਮਾਬਾਦ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੀਨੀਅਰ ਨੇਤਾ ਸ਼ਹਿਬਾਜ਼ ਸ਼ਰੀਫ ਵਿਰੋਧੀ ਧਿਰ ਦੇ ਨਾਅਰੇਬਾਜ਼ੀ ਦਰਮਿਆਨ ਨਵੀਂ ਚੁਣੀ ਗਈ ਸੰਸਦ ਵਿਚ ਆਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਐਤਵਾਰ ਨੂੰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਉਹ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ। ਪੀ.ਐਮ.ਐਲ-ਐਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਸਾਂਝੇ ਉਮੀਦਵਾਰ ਸ਼ਹਿਬਾਜ਼ (72) ਨੂੰ 336 ਮੈਂਬਰੀ ਸਦਨ ਵਿੱਚ 201 ਵੋਟਾਂ ਮਿਲੀਆਂ, ਜੋ ਸਦਨ ਦਾ ਨੇਤਾ ਬਣਨ ਲਈ ਲੋੜੀਂਦੀ ਗਿਣਤੀ ਤੋਂ 32 ਵੱਧ ਹਨ। 

ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਦੇ ਉਨ੍ਹਾਂ ਦੇ ਵਿਰੋਧੀ ਉਮਰ ਅਯੂਬ ਖ਼ਾਨ ਨੂੰ 92 ਵੋਟਾਂ ਮਿਲੀਆਂ। ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਸ਼ਹਿਬਾਜ਼ ਨੂੰ ਪਾਕਿਸਤਾਨ ਦਾ 24ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਸੰਸਦ ਦਾ ਨਵਾਂ ਸੈਸ਼ਨ ਪੀ.ਟੀ.ਆਈ ਸਮਰਥਿਤ ਸੰਸਦ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦਰਮਿਆਨ ਬੁਲਾਇਆ ਗਿਆ। ਪੀ.ਟੀ.ਆਈ ਸਮਰਥਕ ਮੈਂਬਰਾਂ ਨੇ ਇਮਰਾਨ ਖ਼ਾਨ ਦੀ ਕੈਦ ਦੇ ਸੰਦਰਭ ਵਿੱਚ ‘ਆਜ਼ਾਦੀ’ ਅਤੇ ‘ਕੈਦੀ 804’ ਦੇ ਨਾਅਰੇ ਲਾਏ। ਪੀ.ਟੀ.ਆਈ ਸਮਰਥਿਤ ਕੁਝ ਸੰਸਦ ਮੈਂਬਰਾਂ ਨੇ ਇਮਰਾਨ ਖਾਨ ਦੇ ਪੋਸਟਰ ਵੀ ਲਹਿਰਾਏ। 

ਇਮਰਾਨ ਪੱਖੀ ਨਾਅਰਿਆਂ ਦੇ ਜਵਾਬ ਵਿੱਚ ਪੀ.ਐਮ.ਐਲ-ਐਨ ਦੇ ਸੰਸਦ ਮੈਂਬਰਾਂ ਨੇ ਖ਼ਾਨ ਖ਼ਿਲਾਫ਼ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਦੇ ਸੰਦਰਭ ਵਿੱਚ ‘ਨਵਾਜ਼ ਜ਼ਿੰਦਾਬਾਦ’ ਦੇ ਨਾਅਰੇ ਲਾਏ ਅਤੇ ਵਿਰੋਧੀ ਮੈਂਬਰਾਂ ਵੱਲ ਗੁੱਟੀਆਂ ਘੜੀਆਂ ਲਹਿਰਾਈਆਂ। ਪੀ.ਐਮ.ਐਲ-ਐਨ ਪਾਰਟੀ ਦੇ ਮੁਖੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੀ ਚੋਣ ਲਈ ਸ਼ਹਿਬਾਜ਼ ਦੇ ਸਮਰਥਨ ਵਿੱਚ ਸਭ ਤੋਂ ਪਹਿਲਾਂ ਵੋਟ ਪਾਈ ਸੀ। ਵੋਟਿੰਗ ਤੋਂ ਪਹਿਲਾਂ ਪੀ.ਟੀ.ਆਈ ਨੇ ਕਿਹਾ ਕਿ ਬਿਹਤਰ ਹੁੰਦਾ ਜੇਕਰ ਪੀ.ਐਮ.ਐਲ-ਐਨ ਦੇ ਮੁਖੀ ਨਵਾਜ਼ ਸ਼ਰੀਫ਼ ਹਾਰ ਮੰਨ ਲੈਂਦੇ। ਪਾਰਟੀ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “…ਪਰ ਉਸਨੇ ਸ਼ਰਮ ਵਿੱਚ ਜਿਉਣਾ ਚੁਣਿਆ।” ਹਾਰਨ ਵਾਲਿਆਂ ਦੇ ਇਸ ਗੱਠਜੋੜ, ਖਾਸ ਕਰਕੇ ਨਵਾਜ਼ ਸ਼ਰੀਫ ਅਤੇ ਮਰੀਅਮ ਲਈ ਹਰ ਦਿਨ ਪਿਛਲੇ ਦਿਨ ਨਾਲੋਂ ਵੀ ਮਾੜਾ ਹੋਵੇਗਾ।

ਸ਼ਹਿਬਾਜ਼ ਨੇ ਆਮ ਚੋਣਾਂ ਕਰਵਾਉਣ ਲਈ ਸੰਸਦ ਨੂੰ ਭੰਗ ਕੀਤੇ ਜਾਣ ਤੋਂ ਪਹਿਲਾਂ ਅਪ੍ਰੈਲ 2022 ਤੋਂ ਅਗਸਤ 2023 ਤੱਕ ਪ੍ਰਧਾਨ ਮੰਤਰੀ ਵਜੋਂ ਗੱਠਜੋੜ ਸਰਕਾਰ ਦੀ ਅਗਵਾਈ ਕੀਤੀ ਸੀ। 8 ਫਰਵਰੀ ਨੂੰ ਹੋਈਆਂ ਚੋਣਾਂ ‘ਚ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਕਰਨ ‘ਚ ਅਸਫਲ ਰਹੀ। ਹਾਲਾਂਕਿ ਤਕਨੀਕੀ ਤੌਰ ‘ਤੇ ਇਹ 265 ‘ਚੋਂ 75 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਹੈ। ਪੀ.ਪੀ.ਪੀ ਤੋਂ ਇਲਾਵਾ, ਸ਼ਹਿਬਾਜ਼ ਨੂੰ ਮੁਤਾਹਿਦਾ ਕੌਮੀ ਮੂਵਮੈਂਟ (ਐਮਕਯੂਐਮ-ਪੀ), ਪਾਕਿਸਤਾਨ ਮੁਸਲਿਮ ਲੀਗ (ਕਿਊ), ਬਲੋਚਿਸਤਾਨ ਅਵਾਮੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ (ਜ਼ੈੱਡ), ਇਸਤਿਕਾਮ-ਏ-ਪਾਕਿਸਤਾਨ ਪਾਰਟੀ ਅਤੇ ਨੈਸ਼ਨਲ ਪਾਰਟੀ ਦਾ ਸਮਰਥਨ ਪ੍ਰਾਪਤ ਹੈ।

Add a Comment

Your email address will not be published. Required fields are marked *